ਬਰੈਂਪਟਨ 'ਚ ਕਤਲ ਹੋਏ ਸੂਰਜਦੀਪ ਸਿੰਘ ਦੇ ਇਨਸਾਫ ਲਈ ਅੱਜ ਨਿਕਲੇਗਾ ਮਾਰਚ
Saturday, Aug 22, 2020 - 12:49 PM (IST)

ਬਰੈਂਪਟਨ- ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਕਤਲ ਹੋਏ ਬਟਾਲਾ ਨਿਵਾਸੀ ਪੰਜਾਬੀ ਨੌਜਵਾਨ ਦੇ ਇਨਸਾਫ ਲਈ ਬਰੈਂਪਟਨ ਵਿਚ ਸ਼ਨੀਵਾਰ ਨੂੰ ਮੋਮਬੱਤੀਆਂ ਜਗਾ ਕੇ ਮਾਰਚ ਕੱਢਿਆ ਜਾਵੇਗਾ।
22 ਅਗਸਤ ਨੂੰ ਸ਼ਾਮ 6 ਤੋਂ 8 ਵਜੇ ਤੱਕ ਇਸ ਦਾ ਆਯੋਜਨ ਕੀਤਾ ਜਾਵੇਗਾ ਤੇ 7 ਵਜੇ ਅਰਦਾਸ ਕੀਤੀ ਜਾਵੇਗੀ। ਇਸ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਗਈ ਹੈ, ਨਾਲ ਹੀ ਸਭ ਨੂੰ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸੂਰਜਦੀਪ ਸਿੰਘ ਦਾ ਬਦਮਾਸ਼ਾਂ ਨੇ ਕਤਲ ਕਰ ਦਿੱਤਾ ਸੀ। ਇਸ ਸਬੰਧ ਵਿਚ ਗੁਰਮੀਤ ਸਿੰਘ ਨਿਵਾਸੀ ਬਟਾਲਾ ਨੇ ਦੱਸਿਆ ਕਿ ਉਸ ਦੇ ਚਚੇਰੇ ਭਰਾ ਕੰਵਲਜੀਤ ਸਿੰਘ ਪਟਵਾਰੀ, ਨਿਵਾਸੀ ਗ੍ਰੇਟਰ ਕੈਲਾਸ਼ ਕਾਲੋਨੀ ਦਾ ਬੇਟਾ ਸੂਰਜਦੀਪ ਸਿੰਘ 3 ਸਾਲ ਪਹਿਲਾਂ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ 4 ਸਾਲ ਦੇ ਸਟੱਡੀ ਵੀਜ਼ਾ 'ਤੇ ਗਿਆ ਸੀ। ਇਕ ਦਿਨ ਸਵੇਰੇ ਉਹ ਕੈਨੇਡਾ ਦੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਜਾ ਰਿਹਾ ਸੀ ਕਿ ਰਸਤੇ ਵਿਚ ਹਥਿਆਰਬੰਦ ਬਦਮਾਸ਼ਾਂ ਨੇ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਉਸ ਦਾ ਪਰਸ ਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ।
ਗੌਰਤਲਬ ਹੈ ਕਿ ਪੀਲ ਰੀਜਨ ਪੁਲਸ ਨੇ ਇਸ ਮਾਮਲੇ ਵਿਚ ਹੁਣ ਤੱਕ ਦੋ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ, ਜਿਨ੍ਹਾਂ ਦੀ ਉਮਰ 16 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਹਾਲਾਂਕਿ, 'ਯੂਥ ਕ੍ਰਿਮੀਨਲ ਐਕਟ' ਦੇ ਮੱਦੇਨਜ਼ਰ ਪੁਲਸ ਨੇ ਦੋਸ਼ੀਆਂ ਦੇ ਨਾਂ ਉਜਾਗਰ ਨਹੀਂ ਕੀਤੇ ਹਨ।