ਹੈਕਰਾਂ ਦੇ ਹਮਲੇ ਤੋਂ ਬਾਅਦ ਯੂਕਰੇਨ ਦੀਆਂ ਕਈ ਸਰਕਾਰੀ ਵੈੱਬਸਾਈਟਾਂ ਬੰਦ
Friday, Jan 14, 2022 - 06:13 PM (IST)
ਕੀਵ (ਏਜੰਸੀ): ਯੂਕਰੇਨ ‘ਤੇ ਸ਼ੁੱਕਰਵਾਰ ਨੂੰ ਹੋਏ ਸਾਈਬਰ ਹਮਲੇ ਤੋਂ ਬਾਅਦ ਕਈ ਸਰਕਾਰੀ ਵੈੱਬਸਾਈਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਦੇਸ਼ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਫੌਰੀ ਤੌਰ 'ਤੇ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਮਲਿਆਂ ਪਿੱਛੇ ਕਿਸ ਦਾ ਹੱਥ ਸੀ, ਪਰ ਇਹ ਹਮਲੇ ਅਜਿਹੇ ਸਮੇਂ 'ਚ ਹੋਏ ਹਨ, ਜਦੋਂ ਮਾਸਕੋ ਅਤੇ ਹੋਰ ਪੱਛਮੀ ਦੇਸ਼ਾਂ ਵਿਚਾਲੇ ਗੱਲਬਾਤ 'ਚ ਇਸ ਹਫ਼ਤੇ ਕੋਈ ਖਾਸ ਪ੍ਰਗਤੀ ਨਹੀਂ ਦਿਖਾਈ ਦੇਣ ਤੋਂ ਬਾਅਦ ਯੂਕਰੇਨ ਅਤੇ ਰੂਸ ਵਿਚਾਲੇ ਤਣਾਅ ਵਧਿਆ ਹੈ।
ਯੂਕਰੇਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਓਲੇਗ ਨਿਕੋਲੇਂਕੋ ਨੇ ਸ਼ੁੱਕਰਵਾਰ ਨੂੰ ਫੇਸਬੁੱਕ ਪੋਸਟ 'ਚ ਲਿਖਿਆ ਕਿ ਵੱਡੇ ਹੈਕਿੰਗ ਹਮਲੇ ਕਾਰਨ ਵਿਦੇਸ਼ ਮੰਤਰਾਲੇ ਅਤੇ ਕਈ ਹੋਰ ਸਰਕਾਰੀ ਏਜੰਸੀਆਂ ਦੀਆਂ ਵੈੱਬਸਾਈਟਾਂ ਅਸਥਾਈ ਤੌਰ 'ਤੇ ਬੰਦ ਹਨ। ਸਾਡੇ ਮਾਹਰ ਆਈਟੀ ਸਿਸਟਮ ਦੇ ਕੰਮਕਾਜ ਨੂੰ ਬਹਾਲ ਕਰਨ ਲਈ ਕੰਮ ਕਰ ਰਹੇ ਹਨ। ਨਿਕੋਲੇਂਕੋ ਨੇ ਐਸੋਸਿਏਟਿਡ ਪ੍ਰੈਸ ਨੂੰ ਦੱਸਿਆ ਕਿ ਹਮਲੇ ਦੇ ਪਿੱਛੇ ਕਿਸ ਦਾ ਹੱਥ ਹੈ, ਇਹ ਕਹਿਣਾ ਜਲਦਬਾਜ਼ੀ ਹੋਵੇਗੀ। ਉਹਨਾਂ ਨੇ ਕਿਹਾ ਕਿ ਕਿਸੇ ਨਤੀਜੇ 'ਤੇ ਪਹੁੰਚਣਾ ਬਹੁਤ ਜਲਦਬਾਜ਼ੀ ਹੈ ਕਿਉਂਕਿ ਮਾਮਲੇ ਜਾਂਚ ਅਧੀਨ ਹਨ, ਪਰ ਰੂਸ ਦਾ ਯੂਕਰੇਨ ਵਿਰੁੱਧ ਸਾਈਬਰ ਹਮਲਿਆਂ ਦਾ ਲੰਮਾ ਇਤਿਹਾਸ ਹੈ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਨੇ ਰਾਜਨੀਤਕ ਦਖਲਅੰਦਾਜ਼ੀ ਦੇ ਯੂਕੇ ਦੇ ਦੋਸ਼ਾਂ ਤੋਂ ਕੀਤਾ ਇਨਕਾਰ
ਅਧਿਕਾਰੀਆਂ ਮੁਤਾਬਕ ਦੇਸ਼ ਦੇ ਮੰਤਰੀ ਮੰਡਲ, ਸੱਤ ਮੰਤਰਾਲਿਆਂ, ਖਜ਼ਾਨਾ, ਰਾਸ਼ਟਰੀ ਆਫ਼ਤ ਸੇਵਾ ਅਤੇ ਰਾਜ ਸੇਵਾ ਨਾਲ ਸਬੰਧਤ ਪਾਸਪੋਰਟਾਂ ਅਤੇ ਟੀਕਾਕਰਨ ਸਰਟੀਫਿਕੇਟਾਂ ਦੀਆਂ ਵੈੱਬਸਾਈਟਾਂ ਹੈਕਿੰਗ ਕਾਰਨ ਉਪਲਬਧ ਨਹੀਂ ਹਨ। ਰਿਪੋਰਟਾਂ ਮੁਤਾਬਕ ਹੈਕਰਾਂ ਨੇ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ 'ਤੇ ਯੂਕਰੇਨੀ, ਰੂਸੀ ਅਤੇ ਪੋਲਿਸ਼ ਭਾਸ਼ਾ ਵਿੱਚ ਸੰਦੇਸ਼ ਲਿਖੇ ਕਿ ਯੂਕਰੇਨੀਆਂ ਦਾ ਨਿੱਜੀ ਡੇਟਾ ਜਨਤਕ ਫੋਰਮ 'ਤੇ ਲੀਕ ਹੋ ਗਿਆ ਹੈ। ਸੰਦੇਸ਼ ਵਿੱਚ ਲਿਖਿਆ ਸੀ ਕਿ ਚਿੰਤਾ ਕਰੋ ਅਤੇ ਹੋਰ ਬੁਰੇ ਦੀ ਉਮੀਦ ਨਾ ਕਰੋ। ਇਹ ਤੁਹਾਡੇ ਅਤੀਤ, ਵਰਤਮਾਨ ਅਤੇ ਭਵਿੱਖ ਲਈ ਹੈ। ਸੰਚਾਰ ਅਤੇ ਸੂਚਨਾ ਸੁਰੱਖਿਆ ਲਈ ਯੂਕਰੇਨ ਦੀ ਸਰਕਾਰੀ ਸੇਵਾ ਨੇ ਹਾਲਾਂਕਿ ਦਾਅਵਾ ਕੀਤਾ ਹੈ ਕਿ ਕੋਈ ਨਿੱਜੀ ਡੇਟਾ ਲੀਕ ਨਹੀਂ ਹੋਇਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਅਮਰੀਕਾ ਦਾ ਅੰਦਾਜ਼ਾ ਹੈ ਕਿ ਯੂਕਰੇਨ ਦੀ ਸਰਹੱਦ 'ਤੇ ਇਕ ਲੱਖ ਰੂਸੀ ਸੈਨਿਕ ਜਮ੍ਹਾਂ ਹਨ ਅਤੇ ਉਨ੍ਹਾਂ ਦੇ ਯੂਕਰੇਨ 'ਤੇ ਹਮਲਾ ਕਰਨ ਦਾ ਡਰ ਹੈ। ਉੱਧਰ ਰੂਸ ਨੇ ਅਜਿਹੀ ਕਿਸੇ ਵੀ ਯੋਜਨਾ ਤੋਂ ਇਨਕਾਰ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ- ਇੰਡੋਨੇਸ਼ੀਆ 'ਚ 6.6 ਦੀ ਤੀਬਰਤਾ ਦੇ ਭੂਚਾਲ ਦੇ ਜ਼ਬਰਦਸਤ ਝਟਕੇ, ਸੁਨਾਮੀ ਦੀ ਚਿਤਾਵਨੀ ਨਹੀਂ