ਇੰਡੋਨੇਸ਼ੀਆ ''ਚ ਚੋਣ ਨਤੀਜਿਆਂ ਤੋਂ ਪਹਿਲਾਂ ਕਈ ਸ਼ੱਕੀ ਅੱਤਵਾਦੀ ਗ੍ਰਿਫਤਾਰ

05/17/2019 5:10:15 PM

ਜਕਾਰਤਾ (ਏ.ਐਫ.ਪੀ.)- ਇੰਡੋਨੇਸ਼ੀਆ ਪੁਲਸ ਨੇ ਸ਼ੁੱਕਰਵਾਰ ਨੂੰ ਇਸਲਾਮਿਕ ਸਟੇਟ ਨਾਲ ਜੁੜੇ ਕਈ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕੀਤੇ ਗਏ ਸ਼ੱਕੀਆਂ ਵਿਚੋਂ ਕੁਝ ਦੀ ਅਗਲੇ ਹਫਤੇ ਚੋਣ ਨਤੀਜਿਆਂ ਦੇ ਐਲਾਨ ਦੌਰਾਨ ਰਾਜਨੀਤਕ ਪ੍ਰੋਗਰਾਮਾਂ ਵਿਚ ਬੰਬ ਧਮਾਕੇ ਕਰਨ ਦੀ ਯੋਜਨਾ ਸੀ। ਪੁਲਸ ਨੇ ਦੱਸਿਆ ਕਿ ਸਾਲ ਦੀ ਸ਼ੁਰੂਆਤ ਨਾਲ ਇੰਡੋਨੇਸ਼ੀਆ ਵਿਚ ਮਾਰੇ ਗਏ ਛਾਪਿਆਂ ਦੌਰਾਨ 60 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਦੋਂ ਕਿ ਇਸ ਮਹੀਨੇ ਤਕਰੀਬਨ 20 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਪੁਲਸ ਨੇ ਦੱਸਿਆ ਕਿ ਅਧਿਕਾਰੀਆਂ ਦੇ ਨਾਲ ਮੁਕਾਬਲੇ ਵਿਚ 8 ਸ਼ੱਕੀ ਮਾਰੇ ਵੀ ਗਏ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚੋਂ ਕੁਝ ਸ਼ੱਕੀ ਬੰਬ ਬਣਾਉਣ ਵਿਚ ਟ੍ਰੇਂਡ ਹਨ ਅਤੇ ਉਹ ਸੀਰੀਆ ਵਿਚ ਜਿਹਾਦੀ ਸਮੂਹ ਦੇ ਨਾਲ ਲੜ ਚੁੱਕੇ ਹਨ। ਉਥੇ ਹੀ ਕੁਝ ਸਥਾਨਕ ਵੱਖਵਾਦੀ ਨੈਟਵਰਕ ਜੇਮਾਹ ਅੰਸ਼ੁਰਤ ਦੌਲਾ (ਜੇ.ਏ.ਡੀ.) ਦੇ ਮੈਂਬਰ ਹਨ। ਨੈਸ਼ਨਲ ਪੁਲਸ ਬੁਲਾਰੇ ਮੁਹੰਮਦ ਇਕਬਾਲ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਤਾਜ਼ਾ ਗ੍ਰਿਫਤਾਰੀਆਂ ਨੂੰ ਇੰਡੋਨੇਸ਼ੀਆ ਵਿਚ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਕੀਤੀ ਜਾ ਰਹੀ ਅਹਿਤਿਆਤੀ ਕਾਰਵਾਈ ਕਰਾਰ ਦਿੱਤਾ। ਇੰਡੋੇਨੇਸ਼ੀਆ ਵਿਚ 17 ਅਪ੍ਰੈਲ ਨੂੰ ਚੋਣਾਂ ਹੋਈਆਂ ਸਨ।


Sunny Mehra

Content Editor

Related News