ਬਾਰਸੀਲੋਨਾ ਹਮਲੇ ਵਿਚ ਮਾਰੇ ਗਏ 7 ਸਾਲਾ ਬੱਚੇ ਨੂੰ ਦਿੱਤੀ ਗਈ ਸ਼ਰਧਾਂਜਲੀ(ਤਸਵੀਰਾਂ)

08/21/2017 11:47:04 AM

ਸਿਡਨੀ— ਬੀਤੇ ਵੀਰਵਾਰ ਨੂੰ ਸਪੇਨ ਦੇ ਬਾਰਸੀਲੋਨਾ ਵਿਚ ਹੋਏ ਅੱਤਵਾਦੀ ਹਮਲੇ ਵਿਚ ਅਨੇਕਾਂ ਲੋਕ ਮਾਰੇ ਗਏ। ਮਰਨ ਵਾਲੇ ਇਨ੍ਹਾਂ ਲੋਕਾਂ ਵਿਚ ਕਈ ਦੇਸ਼ਾਂ ਦੇ ਲੋਕ ਸਨ। ਪੱਛਮੀ ਸਿਡਨੀ ਕਸਬੇ ਵਿਚ ਰਹਿਣ ਵਾਲਾ ਸੱਤ ਸਾਲਾ ਜੂਲੀਅਨ ਕੈਡਮੈਨ ਵੀ ਉਨ੍ਹਾਂ ਲੋਕਾਂ ਵਿਚੋਂ ਇਕ ਸੀ। ਅਧਿਕਾਰੀਆਂ ਨੇ ਸੋਮਵਾਰ ਸਵੇਰੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੂਲੀਅਨ ਉਨ੍ਹਾਂ 13 ਲੋਕਾਂ ਵਿਚੋਂ ਇਕ ਸੀ ਜੋ ਲਾਸ ਰਾਮਬਲਸ ਵਿਚ ਹੋਏ ਹਮਲੇ ਵਿਚ ਮਾਰੇ ਗਏ ਹਨ।
ਆਸਟ੍ਰੇਲੀਅਨ ਸਰਕਾਰ ਨੇ ਬੜੇ ਦੁੱਖੀ ਹਿਰਦੇ ਨਾਲ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸੱਤ ਸਾਲਾ ਜੂਲੀਅਨ ਕੈਡਮੈਨ, ਜੋ ਆਸਟ੍ਰੇਲੀਅਨ ਲੜਕਾ ਸੀ ਬਾਰਸੀਲੋਨਾ ਵਿਚ ਹੋਏ ਅੱਤਵਾਦੀ ਹਮਲੇ ਵਿਚ ਮਾਰ ਗਏ ਲੋਕਾਂ ਵਿਚੋਂ ਇਕ ਹੈ।
ਬਲੈਕਟਾਊਨ ਦੇ ਮੇਅਰ ਸਟੀਫਨ ਬਾਲੀ ਨੇ ਕਿਹਾ ਕਿ ਪਛੱਮੀ ਸਿਡਨੀ ਕਸਬੇ ਦੇ ਵਾਸੀਆਂ ਦੀਆਂ 'ਪ੍ਰਾਰਥਨਾਵਾਂ ਅਤੇ ਵਿਚਾਰ' ਇਸ ਦੁੱਖਦਾਈ ਸਮੇਂ ਵਿਚ ਐਂਡਰਿਊ ਅਤੇ ਉਸ ਦੇ ਪਰਿਵਾਰ ਵਾਲਿਆਂ ਦੇ ਨਾਲ ਹਨ। ਬਾਲੀ ਮੁਤਾਬਕ ਜੂਲੀਅਨ ਸਾਡੇ ਸਥਾਨਕ ਭਾਈਚਾਰੇ ਦਾ ਇਕ ਪਿਆਰਾ ਮੈਂਬਰ ਸੀ। ਉਨ੍ਹਾਂ ਨੇ ਜੂਲੀਅਨ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ।
ਜੂਲੀਅਨ ਨਾਲ ਸੰਬੰਧਿਤ ਹਰ ਵਿਅਕਤੀ ਨੇ ਫੇਸਬੁੱਕ 'ਤੇ ਉਸ ਪ੍ਰਤੀ ਆਪਣੀ ਸ਼ਰਧਾਂਜਲੀ ਪ੍ਰਗਟ ਕੀਤੀ। ਸੌਕਰ ਕਲੱਬ ਗਿਰਾਵਿਨ ਈਗਲਜ਼ ਨੇ ਪੋਸਟ ਕੀਤਾ ਕਿ ਅਜਿਹਾ ਹਾਦਸਾ ਹੋਣ ਦੀ ਸਾਨੂੰ ਕੋਈ ਉਮੀਦ ਨਹੀਂ ਸੀ। ਜੂਲੀਅਨ ਦੇ ਸਕੂਲ ਸੈਂਟ ਬਰਨਾਡੇਟ ਲਾਲੇਰ ਪਾਰਕ ਨੇ ਵੀ ਉਸ ਨੂੰ ਸ਼ਰਧਾਂਜਲੀ ਦਿੱਤੀ। ਅਨੇਕਾਂ ਮਸ਼ਹੂਰ ਹਸਤੀਆਂ ਸਮੇਤ ਬ੍ਰਿਟਿਸ਼ ਗੀਤਕਾਰ ਗੇਰੀ ਹਾਲੀਵੈਲ ਅਤੇ ਓਲੰਪਿਕ ਐਥਲੀਟ ਟਾਮਸਿਨ ਲੁਈਸ ਮਾਨਉ ਨੇ ਵੀ ਜੂਲੀਅਨ ਨੂੰ ਸ਼ਰਧਾਂਜਲੀ ਦਿੱਤੀ।

PunjabKesari

 

PunjabKesari

ਕੈਡਮੈਨ ਦੇ ਪਰਿਵਾਰ ਨੇ ਪੂਰੀ ਰਾਤ ਆਪਣੇ ਬੇਟੇ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਮੁਤਾਬਕ,'' ਜੂਲੀਅਨ ਸਾਡੇ ਪਰਿਵਾਰ ਦਾ ਪਿਆਰਾ ਬੱਚਾ ਸੀ। ਉਹ ਆਪਣੀ ਮਾਂ ਨਾਲ ਬਾਰਸੀਲੋਨਾ ਘੁੰਮਣ ਗਿਆ ਸੀ ਪਰ ਉਹ ਸਾਡੇ ਤੋਂ ਦੂਰ ਹੋ ਗਿਆ। ਉਸਦੇ ਚਿਹਰੇ 'ਤੇ ਹਮੇਸ਼ਾ ਮੁਸਕਾਨ ਰਹਿੰਦੀ ਸੀ। ਅਸੀਂ ਉਸ ਦੀਆਂ ਯਾਦਾਂ ਹਮੇਸ਼ਾ ਸਾਡੇ ਨਾਲ ਰਹਿਣਗੀਆਂ।''
ਜੂਲੀਅਨ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਨੂੰ ਲੱਭਣ ਵਿਚ ਮਦਦ ਕੀਤੀ ਸੀ।
ਸੱਤ ਸਾਲਾ ਜੂਲੀਅਨ  ਵੀਰਵਾਰ ਸ਼ਾਮ ਨੂੰ ਲਾਸ ਰਾਮਬਲਸ ਜ਼ਿਲ੍ਹੇ ਵਿਚ ਅੱਤਵਾਦੀ ਹਮਲਾ ਹੋਣ 'ਤੇ ਆਪਣੀ ਮਾਂ ਜੂਮਰੀ ਜਾਂ ''ਜੌਮ'' ਤੋਂ ਵਿਛੜ ਗਿਆ ਸੀ। ਇਸ ਹਮਲੇ ਵਿਚ ਜੌਮ ਜ਼ਖਮੀ ਹੋ ਗਈ ਸੀ ਅਤੇ ਦ ਵਾਲ ਡੀ ਹੈਬਰੌਨ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਸੀ।
ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਦੱਸਿਆ ਕਿ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਜੂਲੀਅਨ ਦੇ ਪਰਿਵਾਰ ਦੀ ਮਦਦ ਕਰ ਰਿਹਾ ਹੈ। ਬਿਟ੍ਰਿਸ਼ ਵਿਦੇਸ਼ ਸਕੱਤਰ ਬੌਰਿਸ ਜਾਨਸਨ ਨੇ ਆਪਣੇ ਪਰਿਵਾਰ ਸਮੇਤ ਜੂਲੀਅਨ ਨੂੰ ਸ਼ਰਧਾਂਜਲੀ ਦਿੱਤੀ।


Related News