ਮਨਮੀਤ ਭੁੱਲਰ ਦੀ ਅੰਤਿਮ ਯਾਤਰਾ ਵਿਚ ਹਜ਼ਾਰਾਂ ਲੋਕ ਸ਼ਾਮਲ

12/01/2015 2:50:12 PM

ਕੈਲਗਰੀ (ਰਾਜੀਵ ਸ਼ਰਮਾ)-ਪੰਜਾਬੀ ਭਾਈਚਾਰੇ ਦੇ ਮਾਣ ਮਨਮੀਤ ਸਿੰਘ ਭੁੱਲਰ ਦਾ ਰਾਜਕੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਭੁੱਲਰ ਦੇ ਮ੍ਰਿਤ ਸਰੀਰ ਦੇ ਦਰਸ਼ਨਾਂ ਲਈ ਸਵੇਰੇ ਹਜ਼ਾਰਾਂ ਦੀ ਗਿਣਤੀ ''ਚ ਲੋਕ ਜੁਬਲੀ ਆਡੀਟੋਰੀਅਮ ਵਿਖੇ ਇਕੱਠੇ ਹੋਏ, ਸਭ ਤੋਂ ਪਹਿਲਾਂ ਭੁੱਲਰ ਦੇ ਪਰਿਵਾਰ ਨੂੰ ਦਰਸ਼ਨਾਂ ਲਈ ਅੰਦਰ ਭੇਜਿਆ ਗਿਆ। 9 ਵਜੇ ਆਮ ਲੋਕਾਂ ਲਈ ਦਰਵਾਜ਼ੇ ਖੋਲ ਦਿੱਤੇ ਗਏ। ਤਕਰੀਬਨ 11-30 ਵਜੇ ਸੀਨੀਅਰ ਲੀਡਰਾਂ ਅਤੇ ਪਰਿਵਾਰ ਵਲੋਂ ਉਨ੍ਹਾਂ ਦੀ ਯਾਦ ''ਚ ਭਾਸ਼ਣ ਦਿੱਤੇ ਗਏ। ਰਾਸ਼ਟਰੀ ਗਾਨ ਅਤੇ ਕੀਰਤਨ ਤੋਂ ਬਾਅਦ ਜਿਮ ਪ੍ਰੇਟਿੰਮ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਭੇਜੇ ਸੰਦੇਸ਼ ਨੂੰ ਸਾਂਝਾ ਕੀਤਾ ਅਤੇ ਕਿਹਾ ਕਿ ਅੱਜ ਉਸ ਲੀਡਰ ਨੂੰ ਯਾਦ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਆਪਣਾ ਜੀਵਨ ਲੋਕ ਭਲਾਈ ਵਿਚ ਲਗਾ ਦਿੱਤਾ। ਜਿਮ ਪ੍ਰੇਇੰਮ ਨੇ ਕਿਹਾ ਕਿ ਭੁੱਲਰ ਦਾ ਵਿਸ਼ਵਾਸ ਸੀ ਕਿ ਜਵਾਨ ਲੋਕ ਆਪਣੀ ਸਮਰੱਥਾ ਨਾਲ ਹੀ ਦੁਨੀਆ ਬਦਲ ਸਕਦੇ ਹਨ ਅਤੇ ਯੂਥ ਭਲਾਈ ਲਈ ਉਹ ਹਮੇਸ਼ਾ ਅੱਗੇ ਰਹੇ ਹਨ। 
ਭੁੱਲਰ ਦੀ ਭੈਣ ਤਰਜਿੰਦਰ ਨੇ ਕਿਹਾ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਕਦੇ ਨਹੀਂ ਸੋਚਿਆ ਸੀ ਕਿ ਪੁੱਤਰ ਭੁੱਲਰ ਕਾਰਨ ਉਨ੍ਹਾਂ ਨੂੰ ਭਾਈਚਾਰੇ ਅਤੇ ਸਰਕਾਰ ਵਲੋਂ ਇੰਨਾ ਸਨਮਾਨ ਮਿਲੇਗਾ। ਭੁੱਲਰ ਦੀ ਪਤਨੀ ਨਿਮਰਤਾ ਕੌਰ ਰਤਨ ਨੇ ਕਿਹਾ ਕਿ ਉਸ ਨੂੰ ਮਾਨ ਹੈ ਕਿ ਉਹ ਭੁੱਲਰ ਦੀ ਪਤਨੀ ਹੈ। ਉਨ੍ਹਾਂ ਨੇ ਭਾਈਚਾਰੇ ਅਤੇ ਸਰਕਾਰੀ ਵਲੋਂ ਦਿੱਤੇ ਸਨਮਾਨ ਲਈ ਧੰਨਵਾਦ ਕੀਤਾ। ਮੇਜਰ ਨਹੀਦ ਨੈਨਸੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਖਾਸ ਦੋਸਤ ਨੂੰ ਗੁਆ ਦਿੱਤਾ ਅਤੇ ਭੁੱਲਰ ਦੇ ਪਰਿਵਾਰ ਨੂੰ ਕਿਹਾ ਕਿ ਅਸੀਂ ਸਾਰੇ ਉਨ੍ਹਾਂ ਦੇ ਨਾਲ ਹਾਂ।ਡਿਫੈਂਸ ਮਨਿਸਟਰ ਸੱਜਣ ਸਿੰਘ ਦੇ ਮੈਸੇਜ ''ਚ ਉਨ੍ਹਾਂ ਨੇ ਭੁੱਲਰ ਨੂੰ ਸ਼ਰਧਾਂਜਲੀ ਅਤੇ ਲੋਕ ਸੇਵਾ ਦਾ ਹੀਰੋ ਆਖਿਆ। ਭੁੱਲਰ ਦੇ ਦੋਸਤ ਟੋਨੀ ਧਾਲੀਵਾਲ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਭੁੱਲਰ ਤੁਸੀਂ ਅੱਜ ਵੀ ਖੁਸ਼ ਹੋਵਾਂਗੇ ਕਿਉਂਕਿ ਸਾਰਾ ਜੁਬਲੀਹਾਲ ਭਰ ਗਿਆ ਹੈ। ਇਸ ਮੌਕੇ ਜਗ ਬਾਣੀ ਨਾਲ ਗੱਲਬਾਤ ਕਰਦੇ ਦਵਿੰਦਰ ਸ਼ੋਰੀ ਨੇ ਕਿਹਾ ਕਿ ਭੁੱਲਰ ਇਕ ਸੱਚੇ, ਇਮਾਨਦਾਰ ਹਰ ਕਿਸੇ ਦੀ ਮਦਦ ਕਰਨ ਲਈ ਤਿਆਰ ਰਹਿਣ ਵਾਲੇ ਸੂਝਵਾਨ ਲੀਡਰ ਦਾ ਬੇਵਕਤ ਅਲਵਿਦਾ ਕਹਿ ਜਾਣਾ ਸਮੁੱਚੇ ਭਾਈਚਾਰੇ ਲਈ ਬਹੁਤ ਵੱਡਾ ਘਾਟਾ ਹੈ। ਐਮ. ਪੀ. ਦਰਸ਼ਨ ਕੰਗ ਨੇ ਕਿਹਾ ਕਿ ਉਹ ਛੋਟੇ ਭਰਾ ਅਤੇ ਪੁੱਤਰ ਦੀ ਕਮੀ ਮਹਿਸੂਸ ਕਰ ਰਹੇ ਹਨ, ਜੋ ਹਰ ਵੇਲੇ ਲੋਕ ਭਲਾਈ ਲਈ ਅੱਗੇ ਰਹੇ। ਇਸ ਮੌਕੇ ਹਰਮੀਤ ਖੁਡਿਆ, ਮੰਤਰੀ ਅਮਰਜੀਤ ਸੋਹੀ, ਮੰਤਰੀ ਇਰਫਾਨ ਸਾਬਿਰ, ਪਾਲੀ ਵਿਰਕ, ਮੰਡ, ਰੋਮੀ ਸਿੱਧੂ, ਅਵਿਨਾਸ਼ ਖੰਗੂਰਾ, ਰਿਸ਼ੀ ਨਾਗਰ, ਗੁਰਮੀਤ ਗਿੱਲ ਮੰਡਵਾਲਾ, ਟਿਮ ਉੱਪਲ, ਰਿਕ ਮਕਾਇਵਿਰ ਪੀ. ਸੀ. ਲੀਡਰ, ਜੰਗ ਬਹਾਦਰ ਸਿੰਘ ਸਿੱਧੂ ਅਤੇ ਜਰਨੈਲ ਸਿੰਘ ਨਿੱਝਰ ਅਤੇ 40 ਤੋਂ ਕਰੀਬ ਐਮ. ਐਲ. ਏ. ਨੇ ਇਸ ਮੌਕੇ ਸ਼ਰਧਾਂਜਲੀ ਦਿੱਤੀ। ਅੰਤਿਮ ਸੰਸਕਾਰ ਤੋਂ ਬਾਅਦ ਪਰਿਵਾਰ ਵਲੋਂ ਦਸ਼ਮੇਸ਼ ਕਲਚਰ ਸੈਂਟਰ ਵਿਖੇ ਅੰਤਿਮ ਭੋਗ ਅਰਦਾਸ ਕੀਤੀ ਗਈ। ਇਸ ਮੌਕੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਅਰਦਾਸ ਕੀਤੀ।


Related News