ਪੁੱਤ ਨੂੰ ਵਿਆਹੁਣ ਦੀ ਰੀਝ ਮਾਂ ਦੇ ਸੀਨੇ ''ਚ ਹੋਈ ਦਫਨ, ਬੁੱਲ੍ਹਾਂ ''ਤੇ ਇਕੋ ਸਵਾਲ ਕਦੋਂ ਆਵੇਗਾ ''ਅਲੀਸ਼ੇਰ''

10/29/2017 12:25:06 PM

ਬ੍ਰਿਸਬੇਨ (ਬਿਊਰੋ)— ''ਬਾਪੂ ਤੇਰੇ ਕਰਕੇ ਕਮਾਉਣ ਜੋਗੇ ਹੋਗੇ ਆਂ, ਟੋਹਰ ਨਾਲ ਜ਼ਿੰਦਗੀ ਜਿਉਣ ਜੋਗੇ ਹੋਗੇ ਆਂ'' ਇਹ ਲਾਈਨਾਂ ਸਨ ਉਸ ਪੰਜਾਬੀ ਮੁੰਡੇ ਦੀਆਂ, ਜੋ ਆਪਣੇ ਦਿਲ ਵਿਚ ਪਤਾ ਨਹੀਂ ਕਿੰਨੀਆਂ ਕੁ ਸੱਧਰਾਂ ਲੈ ਕੇ ਆਸਟ੍ਰੇਲੀਆ ਗਿਆ ਸੀ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਸੰਗਰੂਰ ਜ਼ਿਲੇ ਦੇ ਪਿੰਡ ਅਲੀਸ਼ੇਰ 'ਚ ਰਹਿਣ ਵਾਲੇ ਮਨਮੀਤ ਅਲੀਸ਼ੇਰ ਦੀ। ਅਲੀਸ਼ੇਰ ਬ੍ਰਿਸਬੇਨ 'ਚ ਬੱਸ ਡਰਾਈਵਰ ਸੀ ਅਤੇ ਬੀਤੇ ਸਾਲ 28 ਅਕਤੂਬਰ 2016 ਨੂੰ ਅੱਜ ਦੇ ਹੀ ਦਿਨ ਉਸ 'ਤੇ ਸਿਰਫਿਰੇ ਗੋਰੇ ਨੇ ਉਸ ਦੀ ਬੱਸ 'ਚ ਜਲਣਸ਼ੀਲ ਪਦਾਰਥ ਸੁੱਟ ਕੇ ਅੱਗ ਲਾ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਗੋਰੇ ਦਾ ਨਾਂ ਐਂਥਨੀ ਓ ਡੋਨੋਹੀਓ ਹੈ, ਜਿਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। 

PunjabKesari
ਮਾਪਿਆਂ ਦੀਆਂ ਸੱਧਰਾਂ, ਸੁਪਨੇ ਅਤੇ ਆਪਣੇ ਪੁੱਤ ਨੂੰ ਵਿਆਹੁਣ ਦੇ ਸਾਰੇ ਚਾਅ ਵਿਚਾਲੇ ਹੀ ਰਹਿ ਗਏ। ਵਿਦੇਸ਼ ਤੋਂ ਮੁੜੇ ਪੁੱਤ ਦਾ ਚਿਹਰਾ ਮਾਪਿਆਂ ਨੂੰ ਦੇਖਣਾ ਤਾਂ ਨਸੀਬ ਹੋਇਆ ਪਰ ਉਹ ਵੀ ਮਰਿਆ। ਇਹ ਦਰਦ ਤਾਂ ਉਹੀ ਮਾਪੇ ਹੀ ਜਾਣਦੇ ਹਨ, ਜਿਨ੍ਹਾਂ ਨੇ ਪਹਾੜ ਜਿਡਾ ਜਿਗਰਾ ਕਰ ਕੇ ਆਪਣੇ ਪੁੱਤ ਦੀ ਅਰਥੀ ਨੂੰ ਮੋਢਾ ਦਿੱਤਾ ਹੋਵੇਗਾ। 

PunjabKesari
ਇਸ ਪੰਜਾਬੀ ਨੌਜਵਾਨ ਦੀ ਮੌਤ ਨੇ ਹਰ ਇਕ ਪੰਜਾਬੀ ਦੇ ਦਿਲ ਨੂੰ ਵਲੂੰਧਰ ਕੇ ਰੱਖ ਦਿੱਤਾ। ਮਾਪਿਆਂ ਦੇ ਦਿਲ ਦਾ ਸਕੂਨ ਜੋ ਕਿ ਅੱਜ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਨਹੀਂ ਹੈ। ਪੁੱਤ ਨੂੰ ਗੁਆ ਦੇਣ ਦਾ ਗ਼ਮ ਉਸ ਮਾਂ ਲਈ ਸਭ ਤੋਂ ਵੱਡਾ ਹੈ, ਜਿਸ ਨੇ ਆਪਣੇ ਪੁੱਤ ਲਈ ਕਈ ਸੁਪਨੇ ਬੁਣੇ ਸਨ। ਉਸ ਮਾਂ ਦੀਆਂ ਅੱਖਾਂ ਆਪਣੇ ਮਨਮੀਤ ਨੂੰ ਅੱਜ ਵੀ ਉਡੀਕਦੀਆਂ ਹੋਣਗੀਆਂ ਅਤੇ ਬਸ ਇਹ ਹੀ ਕਹਿ ਰਹੀਆਂ ਹੋਣਗੀਆਂ ਕਿ ਅੱਜ ਤਾਂ ਮੇਰਾ ਪੁੱਤ 'ਅਲੀਸ਼ੇਰ' ਆਵੇਗਾ। 
ਆਓ ਜਾਣਦੇ ਹਾਂ ਕੌਣ ਸੀ ਅਲੀਸ਼ੇਰ— 
ਮਨਮੀਤ ਅਲੀਸ਼ੇਰ ਆਸਟ੍ਰੇਲੀਆ 'ਚ ਇਕ ਬੱਸ ਡਰਾਈਵਰ ਹੀ ਨਹੀਂ, ਸਗੋਂ ਕਿ ਇਕ ਗਾਇਕ, ਕਵੀ ਅਤੇ ਥੀਏਟਰ ਕਲਾਕਾਰ ਸੀ। ਮਨਮੀਤ ਕਰੀਬ 8 ਸਾਲ ਪਹਿਲਾਂ ਸੰਗਰੂਰ ਤੋਂ ਆਸਟ੍ਰੇਲੀਆ ਗਿਆ ਸੀ। ਮਹਜ 28 ਸਾਲ ਦੀ ਉਮਰ 'ਚ ਹੀ ਉਸ ਨੇ ਆਸਟ੍ਰੇਲੀਆ 'ਚ ਉਹ ਮੁਕਾਮ ਹਾਸਲ ਕਰ ਲਿਆ ਸੀ, ਜੋ ਕਿ ਬਹੁਤ ਸਾਰੇ ਲੋਕਾਂ ਨੂੰ ਜ਼ਿੰਦਗੀ ਭਰ ਵੀ ਨਸੀਬ ਨਹੀਂ ਹੁੰਦਾ। ਕਵੀ ਅਤੇ ਗਾਇਕ ਬਣਨ ਦੇ ਨਾਲ-ਨਾਲ ਉਸ ਨੇ ਸਾਹਿਤ ਦੀ ਦੁਨੀਆ 'ਚ ਆਪਣੀ ਇਕ ਵੱਖਰੀ ਪਹਿਚਾਣ ਕਾਇਮ ਕੀਤੀ ਸੀ। ਮਨਮੀਤ ਦਾ ਜਨਮ 20 ਸਤੰਬਰ 1987 ਨੂੰ ਮਾਤਾ ਕਿਸ਼ਨਦੀਪ ਕੌਰ ਦੀ ਕੁੱਖੋ ਹੋਇਆ ਸੀ। ਮਨਮੀਤ ਦੇ ਪਿਤਾ ਜੀ ਦਾ ਨਾਂ ਰਾਮ ਸਰੂਪ ਹੈ। ਮਨਮੀਤ ਆਪਣੀਆਂ ਦੋ ਵੱਡੀਆਂ ਭੈਣਾਂ ਦਾ ਲਾਡਲਾ ਅਤੇ ਵੱਡੇ ਭਰਾ ਅਮਿਤ ਸ਼ਰਮਾ ਦਾ ਲਾਡਲਾ ਵੀਰ ਸੀ।  


Related News