ਬ੍ਰਿਸਬੇਨ ਵਿਖੇ ਮਰਹੂਮ ਮਨਮੀਤ ਅਲੀਸ਼ੇਰ ਦੀ ਚੌਥੀ ਬਰਸੀ ਮੌਕੇ ਭਾਵ ਭਿੰਨੀ ਸ਼ਰਧਾਂਜਲੀ ਭੇਂਟ (ਵੀਡੀਓ)
Wednesday, Oct 28, 2020 - 06:34 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ, ਟੀਨੂੰ): ਮਰਹੂਮ ਮਨਮੀਤ ਅਲੀਸ਼ੇਰ ਦੀ ਚੌਥੀ ਬਰਸੀ ਮੌਕੇ ਮਨਮੀਤ ਪੈਰਾਡਾਈਜ਼ ਪਾਰਕ, ਮਾਰੂਕਾ ਬ੍ਰਿਸਬੇਨ ਵਿਖੇ ਆਰ. ਟੀ. ਬੀ ਯੂਨੀਅਨ, ਰਾਜਨੀਤਿਕ, ਸਮਾਜਿਕ, ਸਾਹਿਤਕ, ਧਾਰਮਿਕ, ਪੰਜਾਬੀ ਭਾਈਚਾਰੇ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਯਾਦਗਾਰੀ ਸਮਾਗਮ ਵਿੱਚ ਬ੍ਰਿਸਬੇਨ ਅਤੇ ਇਪਸਵਿੱਚ ਦੇ ਵੱਖ-ਵੱਖ ਬੱਸ ਡਿਪੂਆਂ ਦੇ ਡਰਾਈਵਰਾਂ, ਪਰਿਵਾਰਕ ਮੈਂਬਰਾਂ, ਮਨਮੀਤ ਦੇ ਦੋਸਤਾਂ, ਰਿਸ਼ਤੇਦਾਰਾਂ ਤੇ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਅਤੇ ਸਥਾਨਕ ਲੋਕਾਂ ਵੱਲੋਂ ਮਰਹੂਮ ਮਨਮੀਤ ਅਲੀਸ਼ੇਰ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਮਨਮੀਤ ਸਮੁੱਚੇ ਪੰਜਾਬੀ ਭਾਈਚਾਰੇ ਦਾ ਮਾਣ ਸੀ। ਉਸ ਦੀ ਦਰਦਨਾਕ ਮੌਤ, ਲੰਬੀ ਚੱਲੀ ਕਾਨੂੰਨੀ ਪ੍ਰਕ੍ਰਿਆ ਅਤੇ ਇਨਸਾਫ਼ ਦੀ ਅਣਹੋਂਦ ‘ਚ ਸਮੁੱਚਾ ਭਾਈਚਾਰਾ ਅੱਜ ਵੀ ਸਦਮੇ ਦਾ ਸ਼ਿਕਾਰ ਹੈ। ਜ਼ਿਕਰਯੋਗ ਹੈ ਕਿ 28 ਅਕਤੂਬਰ 2016 ਦੀ ਸਵੇਰ ਨੂੰ ਇਸੇ ਸਥਾਨ ਤੇ ਐਂਥਨੀ ਉਡਨਹੀਓ ਨਾਮੀ ਗੌਰੇ ਨੇ ਮਰਹੂਮ ਨੂੰ ਡਿਊਟੀ ਦੌਰਾਨ ਜਲਣਸ਼ੀਲ ਪਦਾਰਥ ਪਾ ਕੇ ਜਿੰਦਾ ਜਲਾ ਦਿੱਤਾ ਗਿਆ ਸੀ। ਇਸ ਮੌਕੇ 'ਤੇ ਪੰਜਾਬੀ ਭਾਈਚਾਰੇ ਵਲੋਂ ਮਰਹੂਮ ਦੀ ਯਾਦ ਵਿੱਚ ਮਨਮੀਤ ਅਲੀਸ਼ੇਰ ਦੀ ਜ਼ਿੰਦਗੀ 'ਤੇ ਲਿਖੀ ਗਈ ਕਿਤਾਬ ‘ਅਧਵਾਟੇ ਸਫ਼ਰ ਦੀ ਸਿਰਜਣਾ ਮਨਮੀਤ ਅਲੀਸ਼ੇਰ’ ਨੂੰ ਸਮਰਪਿਤ ਲੋਕ ਅਰਪਣ ਕੀਤੀ ਗਈ।
ਇਥੇ ਗੌਰਤਲਬ ਹੈ ਕਿ ਪੰਜਾਬੀ ਲੇਖਕ ਸੱਤਪਾਲ ਭੀਖੀ ਅਤੇ ਡਾ: ਸੁਮਿਤ ਸ਼ੰਮੀ ਵੱਲੋ ਸੰਪਾਦਿਤ ਇਸ ਕਿਤਾਬ 'ਚ ਕਈ ਉਘੀਆਂ ਸਾਹਿਤਕ ਸ਼ਖਸੀਅਤਾਂ ਅਤੇ ਮਨਮੀਤ ਦੇ ਪਰਿਵਾਰ ਤੇ ਦੋਸਤਾਂ ਦੀਆ ਹੱਥ ਲਿੱਖਤਾਂ ਦਰਜ ਹਨ।