ਮਿਸਾਲ ਬਣ ਗਿਆ 16 ਸਾਲਾ ਲੜਕਾ, ਮੌਤ ਨੂੰ ਗਲੇ ਲਗਾ ਕੇ ਦੇ ਗਿਆ ਕਈਆਂ ਨੂੰ ਜ਼ਿੰਦਗੀ (ਤਸਵੀਰਾਂ)

10/27/2016 3:51:09 PM

ਮੈਨੀਟੋਬਾ— ਕੈਨੇਡਾ ਦੇ ਮੈਨੀਟੋਬਾ ਦਾ 16 ਸਾਲਾ ਲੜਕਾ ਜੋ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਬਰੇਨ ਡੈੱਡ ਹੋ ਗਿਆ ਸੀ ਉਸ ਸਮੇਂ ਪੂਰੇ ਕੈਨੇਡਾ ਲਈ ਮਿਸਾਲ ਬਣ ਗਿਆ, ਜਦੋਂ ਉਸ ਦੇ ਦਾਨ ਕੀਤੇ ਅੰਗਾਂ ਨੇ 45 ਲੋਕਾਂ ਨੂੰ ਜੀਵਨਦਾਨ ਦੇ ਦਿੱਤਾ। 16 ਸਾਲਾ ਟੇਲਰ ਕਲਾਸੇਨ ਗਰਾਵੇਲ ਹੈਨੋਵਰ ਰੋਡ ਤੋਂ ਲੰਘਦੇ ਸਮੇਂ 22 ਅਕਤੂਬਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਹਾਦਸੇ ਤੋਂ ਦੋ ਦਿਨ ਪਹਿਲਾਂ ਹੀ ਉਸ ਨੇ ਡਰਾਈਵਿੰਗ ਲਾਈਸੈਂਸ ਹਾਸਲ ਕੀਤਾ ਸੀ। ਟੇਲਰ ਦੇ ਪਰਿਵਾਰਕ ਬੁਲਾਰੇ ਨੇ ਦੱਸਿਆ ਕਿ ਹਾਦਸੇ ਵਿਚ ਉਸ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਬਰੇਨ ਡੈੱਡ ਹੋ ਗਿਆ ਸੀ। ਮੌਤ ਉਸ ਦੇ ਦਰਵਾਜ਼ੇ ''ਤੇ ਖੜ੍ਹੀ ਸੀ ਪਰ ਉਸ ਦੀ ਮਾਂ ਦੇ ਇਕ ਫੈਸਲੇ ਨੇ ਉਸ ਨੂੰ ਸਦਾ ਲਈ ਅਮਰ ਕਰ ਦਿੱਤਾ। 
ਟੇਲਰ ਦੀ ਮਾਂ ਨੇ ਦੱਸਿਆ ਕਿ ਇਕ ਮਹੀਨਾ ਪਹਿਲਾਂ ਹੀ ਉਸ ਨੇ ਆਪਣੀ ਇੱਛਾ ਜ਼ਾਹਰ ਕੀਤੀ ਸੀ ਕਿ ਉਹ ਆਪਣੀ ਮੌਤ ਤੋਂ ਬਾਅਦ ਵੀ ਜ਼ਿੰਦਾ ਰਹਿਣਾ ਚਾਹੁੰਦਾ ਹੈ ਅਤੇ ਅੰਗ ਦਾਨ ਕਰਨਾ ਚਾਹੁੰਦਾ ਹੈ। ਟੇਲਰ ਦੀ ਇਸ ਇੱਛਾ ਦਾ ਸਨਮਾਨ ਕਰਦੇ ਹੋਏ ਉਸ ਦੇ ਪਰਿਵਾਰ ਨੇ ਉਸ ਦੇ ਅੰਗ ਦਾਨ ਕਰਨ ਦਾ ਫੈਸਲਾ ਲਿਆ। ਹਾਦਸੇ ਤੋਂ ਚਾਰ ਦਿਨ ਬਾਅਦ ਤੱਕ ਟੇਲਰ ਆਪਣੀ ਜ਼ਿੰਦਗੀ ਲਈ ਲੜਦਾ ਰਿਹਾ। ਉਸ ਨੂੰ ਜੀਵਨ ਰੱਖਿਆ ਪ੍ਰਣਾਲੀ ''ਤੇ ਰੱਖਿਆ ਗਿਆ ਸੀ। ਮੰਗਲਵਾਰ ਨੂੰ ਉਸ ਨੂੰ ਆਪ੍ਰੇਸ਼ਨ ਲਈ ਲਿਜਾਇਆ ਗਿਆ। ਟੇਲਰ ਦੀ ਮਾਂ ਜਾਣਦੀ ਸੀ ਕਿ ਉਹ ਆਖਰੀ ਵਾਰ ਆਪਣੇ ਬੱਚੇ ਨੂੰ ਜ਼ਿੰਦਾ ਦੇਖ ਰਹੀ ਹੈ। ਇਸ ਲਈ ਉਸ ਨੇ ਆਪ੍ਰੇਸ਼ਨ ਦੋ ਘੰਟਿਆਂ ਬਾਅਦ ਕਰਨ ਦੀ ਅਪੀਲ ਕੀਤੀ। ਟੇਲਰ ਦਾ ਆਪ੍ਰੇਸ਼ਨ ਕਰਕੇ ਉਸ ਦਾ ਦਿਲ ਅਤੇ ਹੋਰ ਜ਼ਰੂਰੀ ਅੰਗ ਕੱਢ ਲਏ ਗਏ ਅਤੇ ਉਹ ਸਦਾ ਲਈ ਮੌਤ ਦੀ ਨੀਂਦ ਸੌਂ ਗਿਆ। ਹਾਲਾਂਕਿ ਹਾਦਸੇ ਵਿਚ ਟੇਲਰ ਦੇ ਫੇਫੜੇ ਅਤੇ ਉਸ ਦਾ ਦਿਲ ਇੰਨੇਂ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ ਕਿ ਕਿਸੇ ਮਰੀਜ਼ ਨੂੰ ਲਗਾਏ ਨਹੀਂ ਜਾ ਸਕੇ ਪਰ ਉਸ ਦੇ ਬਾਕੀ ਅੰਗ ਜਿਵੇਂ ਕਿਡਨੀਆਂ, ਲਿਵਰ, ਅੱਖਾਂ ਆਦਿ ਦਾਨ ਕਰ ਦਿੱਤੇ ਗਏ। ਬੁੱਧਵਾਰ ਨੂੰ 6.45 ਵਜੇ ਟੇਲਰ ਦੀ ਮੌਤ ਹੋ ਗਈ ਪਰ 45 ਲੋਕਾਂ ਨੂੰ ਜੀਵਨ ਦੇ ਕੇ ਉਹ ਸਦਾ ਲਈ ਅਮਰ ਹੋ ਗਿਆ। 

Kulvinder Mahi

News Editor

Related News