ਮਾਨਚੈਸਟਰ ਆਤਮਘਾਤੀ ਹਮਲੇ ਦੇ ਦੋਸ਼ੀ ਦੇ ਭਰਾ ਨੂੰ ਹੋਈ 55 ਸਾਲ ਦੀ ਸਜ਼ਾ
Saturday, Aug 22, 2020 - 02:13 AM (IST)

ਲੰਡਨ (ਰਾਜਵੀਰ ਸਮਰਾ )- ਬ੍ਰਿਟੇਨ ਦੇ ਮਾਨਚੈਸਟਰ ਸ਼ਹਿਰ ਵਿਚ ਤਿੰਨ ਸਾਲ ਪਹਿਲਾਂ ਐਰੀਆਨਾ ਗ੍ਰੈਂਡ ਦੇ ਕੰਸਰਟ ਦੌਰਾਨ ਆਤਮਘਾਤੀ ਹਮਲਾ ਕਰਕੇ 22 ਲੋਕਾਂ ਦੀ ਜਾਨ ਲੈਣ ਵਾਲੇ ਲੀਬੀਆਈ ਮੂਲ ਦੇ ਹਮਲਾਵਰ ਦੇ ਭਰਾ ਨੂੰ ਵੀਰਵਾਰ ਨੂੰ ਘੱਟ ਤੋਂ ਘੱਟ 55 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਸਾਲ ਦੀ ਸ਼ੁਰੂਆਤ ਵਿਚ ਬੈਂਚ ਨੇ ਪੰਜ ਘੰਟੇ ਤੋਂ ਵੀ ਘੱਟ ਸਮੇਂ ਵਿਚ ਪਤਾ ਲਗਾਇਆ ਸੀ ਕਿ 23 ਸਾਲਾ ਹਾਸ਼ਿਮ ਆਬਦੀ ਵੀ ਆਪਣੇ ਵੱਡੇ ਭਰਾ ਸਲਮਾਨ ਆਬਦੀ ਵਾਂਗ ਕਤਲ ਦੇ 22 ਮਾਮਲਿਆਂ, ਹਮਲੇ ਵਿਚ ਬਚ ਗਏ ਲੋਕਾਂ ਦੇ ਕਤਲ ਦੀ ਕੋਸ਼ਿਸ਼ ਦੇ ਮਾਮਲਿਆਂ ਤੇ ਧਮਾਕੇ ਦੀ ਸਾਜ਼ਿਸ਼ ਵਿਚ ਸਮਾਨ ਰੂਪ ਨਾਲ ਦੋਸ਼ੀ ਹੈ।
ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ (ਸੀ.ਪੀ.ਏ.) ਦੀ ਵਿਸ਼ੇਸ਼ ਅਪਰਾਧ ਤੇ ਅੱਤਵਾਦ ਰੋਕੂ ਸ਼ਾਖਾ ਦੀ ਮੁਖੀ ਜੇਨੀ ਹਾਪਕਿੰਸ ਨੇ ਕਿਹਾ ਕਿ ਇਹ ਬ੍ਰਿਟੇਨ ਦੇ ਕਾਨੂੰਨੀ ਇਤਿਹਾਸ ਵਿਚ ਚੱਲਿਆ ਸਭ ਤੋਂ ਲੰਬਾ ਮਾਮਲਾ ਹੈ। ਵਕੀਲ ਦਾ ਤਰਕ ਸੀ ਕਿ ਇਸ ਮਾਮਲੇ ਵਿਚ ਹਾਸ਼ਿਮ ਆਪਣੇ ਭਰਾ ਦੇ ਨਾਲ ਮਿਲ ਕੇ ਪ੍ਰਭਾਵੀ ਤਰੀਕੇ ਨਾਲ ਕੰਮ ਕਰ ਰਿਹਾ ਸੀ, ਜਦੋਂ ਹਮਲਾਵਰ ਨੇ ਮਈ 2017 ਦੀ ਉਸ ਰਾਤ ਬੰਬ ਧਮਾਕਾ ਕਰਨ ਦੀ ਸਾਜ਼ਿਸ਼ ਰਚੀ ਤੇ ਉਸ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਹਾਸ਼ਿਮ ਹੁਣ ਅਗਲੇ ਪੰਜ ਦਹਾਕਿਆਂ ਤੱਕ ਸਲਾਖਾਂ ਪਿੱਛੇ ਬਿਤਾਏਗਾ ਤੇ ਕਿਸੇ ਹੋਰ ਨੂੰ ਨੁਕਸਾਨ ਨਹੀਂ ਪਹੁੰਚਾ ਸਕੇਗਾ।