UK ''ਚ ਭਾਰਤੀਆਂ ਨੂੰ ਗ਼ੈਰ-ਕਾਨੂੰਨੀ ਤੌਰ ''ਤੇ ਨੌਕਰੀਆਂ ਦੇਣ ਵਾਲਾ ਕਸੂਤਾ ਫ਼ਸਿਆ ! ਅਦਾਲਤ ਨੇ ਭੇਜਿਆ ਜੇਲ੍ਹ
Tuesday, Dec 09, 2025 - 12:18 PM (IST)
ਇੰਟਰੈਸ਼ਨਲ ਡੈਸਕ : ਦੱਖਣ-ਪੂਰਬ ਬ੍ਰਿਟੇਨ ਸਥਿਤ ਇਕ ਹੋਮ ਕੇਅਰ ਏਜੰਸੀ ਦੇ ਨਿਰਦੇਸ਼ਕ ਨੂੰ ਗੈਰ-ਕਾਨੂੰਨੀ ਤੌਰ 'ਤੇ ਪ੍ਰਵਾਸੀ ਭਾਰਤੀਆਂ ਨੂੰ ਨੌਕਰੀ 'ਤੇ ਰੱਖਣ ਦੇ ਦੋਸ਼ ਹੇਠ ਢਾਈ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਦੀ ਪਛਾਣ ਬੇਨਾਏ ਥਾਮਸ ਵਜੋਂ ਹੋਈ। ਦੋਸ਼ੀ ਨੇ ਉਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਨੌਕਰੀ 'ਤੇ ਰੱਖਿਆ ਹੋਇਆ ਸੀ ਜਿਨ੍ਹਾਂ ਨੂੰ UK 'ਚ ਕੰਮ ਕਰਨ ਦਾ ਕੋਈ ਅਧਿਕਾਰ ਨਹੀਂ ਸੀ। ਜਾਂਚ 'ਚ ਪਾਇਆ ਗਿਆ ਕਿ ਦੋਸ਼ੀ ਨੇ ਬ੍ਰਿਟੇਨ 'ਚ 'ਹੋਮ ਕੇਅਰ ਏਜੰਸੀ' ਖੋਲ੍ਹੀ ਹੋਈ ਸੀ ਜਿਸ 'ਚ ਘਰ 'ਚ ਰਹਿਣ ਵਾਲੇ ਬਜ਼ੁਰਗਾਂ, ਅਪਾਹਿਜਾਂ ਅਤੇ ਬਿਮਾਰ ਲੋਕਾਂ ਦੀ ਦੇਖਭਾਲ ਕਰਨ 'ਚ ਸਹਾਇਤਾ ਕਰਦੀ ਸੀ।
ਬ੍ਰਿਟੇਨ ਦੀ ਕਰਾਊਨ ਪ੍ਰੌਸੀਕਿਊਸ਼ਨ ਸਰਵਿਸ (CPS) ਨੇ ਕਿਹਾ ਕਿ ਬੇਨੋਏ ਥਾਮਸ ਨੂੰ ਜੁਲਾਈ 'ਚ ਲੁਈਸ ਕਰਾਊਨ ਕੋਰਟ 'ਚ ਇੱਕ ਮੁਕੱਦਮੇ ਤੋਂ ਬਾਅਦ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਸ਼ੁੱਕਰਵਾਰ ਨੂੰ ਸਜ਼ਾ ਸੁਣਾਈ ਗਈ। ਥਾਮਸ (50) ਨੂੰ ਭਾਰਤੀ ਨਾਗਰਿਕਾਂ ਦੀ ਗੈਰ-ਕਾਨੂੰਨੀ ਇਮੀਗ੍ਰੇਸ਼ਨ ਸਥਿਤੀ ਬਾਰੇ ਪਹਿਲਾਂ ਤੋਂ ਜਾਣਨ ਦੇ ਬਾਵਜੂਦ, ਪੂਰਬੀ ਸਸੇਕਸ ਦੇ ਬੇਕਸਹਿਲ-ਆਨ-ਸੀ ਵਿੱਚ ਸਥਿਤ ਆਪਣੀ ਏ ਕਲਾਸ ਕੇਅਰ ਰਿਕਰੂਟਮੈਂਟ ਲਿਮਟਿਡ ਰਾਹੀਂ ਦੇਖਭਾਲ ਸਹਾਇਕ ਵਜੋਂ ਕੰਮ ਕਰਨ ਲਈ ਭਾਰਤੀ ਨਾਗਰਿਕਾਂ ਦੀ ਭਰਤੀ ਕਰਨ ਦਾ ਦੋਸ਼ੀ ਪਾਇਆ ਗਿਆ।
ਏਜੰਸੀ 'ਚ ਪ੍ਰਵਾਸੀ ਭਾਰਤੀਆਂ ਨੂੰ ਡਾਕਟਰੀ ਅਤੇ ਗੈਰ-ਡਾਕਟਰੀ ਦੋਵੇਂ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਲਈ ਰੱਖਿਆ ਗਿਆ ਸੀ। CPS ਸਾਊਥ ਈਸਟ ਦੀ ਸਪੈਸਲਿਸ਼ਟ ਵਕੀਲ ਕੇਟੀ ਸੈਮਵੇਜ਼ ਨੇ ਇਕ ਬਿਆਨ 'ਚ ਕਿਹਾ ''ਬੇਨਾਏ ਥਾਮਸਨ ਜਾਣ-ਬੁੱਝ ਕੇ ਉਨ੍ਹਾਂ ਲੋਕਾਂ ਨੂੰ ਨੌਕਰੀ 'ਤੇ ਰੱਖ ਕੇ ਇਮੀਗ੍ਰੇਸ਼ਨ ਕਾਨੂੰਨਾਂ ਦਾ ਉਲੰਘਣ ਕੀਤਾ ਹੈ, ਜਿਨ੍ਹਾਂ ਨੂੰ ਬ੍ਰਿਟੇਨ 'ਚ ਕੰਮ ਕਰਨ ਦਾ ਕੋਈ ਅਧਿਕਾਰ ਨਹੀਂ ਸੀ।''
ਇਮੀਗ੍ਰੇਸ਼ਨ ਇਨਫੋਰਸਮੈਂਟ ਏਜੰਸੀ ਵੱਲੋਂ ਕੀਤੀ ਗਈ ਜਾਂਚ 'ਚ ਪਾਇਆ ਗਿਆ ਕਿ ਥਾਮਸ ਨੇ 2017-18 'ਚ 13 ਵਿਅਕਤੀਆਂ ਨੂੰ ਗੈਰ-ਕਾਨੂੰਨੀ ਇਮੀਗ੍ਰੇਸ਼ਨ 'ਚ ਮਦਦ ਕੀਤੀ। CPS ਨੇ ਦੱਸਿਆ ਕਿ ਉਸ ਨੂੰ ਦੋਸ਼ੀ ਪਾਏ ਜਾਣ 'ਤੇ ਢਾਈ ਸਾਲ ਦੀ ਸਜ਼ਾ ਸੁਣਾਉਣ ਦੇ ਨਾਲ-ਨਾਲ ਕੰਪਨੀ ਦੇ ਨਿਰਦੇਸ਼ਕ ਦੇ ਅਹੁਦੇ ਤੋਂ ਵੀ ਅਯੋਗ ਠਹਿਰਾਇਆ ਗਿਆ ਹੈ। ਥਾਮਸ ਖੁਦ ਵੀ 2007 'ਚ ਭਾਰਤ ਤੋਂ ਬ੍ਰਿਟੇਨ ਆਇਆ ਸੀ ਅਤੇ 2012 'ਚ ਉਸ ਨੇ ਬ੍ਰਿਟਿਸ਼ ਨਾਗਰਿਕਤਾ ਹਾਸਿਲ ਕਰ ਲਈ ਸੀ।
