ਪਿਜ਼ਾ ਖਾਣ ਨੂੰ ਦਿਲ ਕੀਤਾ ਤਾਂ ਬ੍ਰਿਟੇਨ ਤੋਂ ਇਟਲੀ ਪਹੁੰਚ ਗਿਆ ਸਖਸ਼, Domino’s ਦੇ ਬਿੱਲ ਨਾਲੋਂ ਵੀ ਸਸਤਾ ਪਿਆ ਸਫ਼ਰ
Thursday, Feb 16, 2023 - 01:24 AM (IST)
ਇੰਟਰਨੈਸ਼ਨਲ ਡੈਸਕ : ਜੇਕਰ ਤੁਹਾਡਾ ਦਿਲ ਪਿਜ਼ਾ ਖਾਣ ਦਾ ਕਰੇ ਤਾਂ ਤੁਸੀਂ ਕੀ ਕਰੋਗੇ? ਜ਼ਾਹਿਰ ਹੈ ਕਿ ਇਸ ਨੂੰ ਆਰਡਰ ਕਰੋਗੇ ਜਾਂ ਘਰ 'ਚ ਬਣਾਓਗੇ ਪਰ ਕੀ ਤੁਸੀਂ ਕਦੇ ਇਟਲੀ ਜਾ ਕੇ ਸਿਰਫ਼ ਪਿਜ਼ਾ ਖਾਣ ਬਾਰੇ ਸੋਚਿਆ ਹੈ? ਇਹ ਸੋਚਣਾ ਵੀ ਬਹੁਤ ਮਹਿੰਗਾ ਹੈ ਕਿਉਂਕਿ ਜੇਕਰ ਤੁਸੀਂ ਇਕ ਦੇਸ਼ ਤੋਂ ਦੂਜੇ ਦੇਸ਼ ਦੇ ਸਫ਼ਰ ਦੇ ਖਰਚੇ ਨੂੰ ਜੋੜਦੇ ਹੋ ਤਾਂ ਮਾਮਲਾ ਲੱਖਾਂ ਵਿੱਚ ਚਲਾ ਜਾਵੇਗਾ ਪਰ ਬ੍ਰਿਟੇਨ ਦੇ ਇਕ ਸਖਸ਼ ਨੇ ਅਜਿਹਾ ਹੀ ਕੁਝ ਕੀਤਾ। ਉਹ ਪਿਜ਼ਾ ਖਾਣ ਲਈ ਇਟਲੀ ਪਹੁੰਚ ਗਿਆ ਅਤੇ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਸੀ ਕਿ ਉਸ ਦੀ ਯਾਤਰਾ ਦਾ ਖਰਚਾ ਡੋਮੀਨੋਜ਼ ਦੇ ਬਿੱਲ ਨਾਲੋਂ ਵੀ ਘੱਟ ਸੀ।
ਇਹ ਵੀ ਪੜ੍ਹੋ : US President 2024: ਭਾਰਤੀ ਮੂਲ ਦੀ ਨਿੱਕੀ ਹੇਲੀ ਵੀ ਲੜੇਗੀ ਚੋਣ, ਉਮੀਦਵਾਰੀ ਦਾ ਕੀਤਾ ਐਲਾਨ
ਕੈਲਮ ਰਿਆਨ (Callum Ryan) ਨਾਂ ਦੇ ਵਿਅਕਤੀ ਨੇ ਇਸ ਘਟਨਾ ਨੂੰ ਥੌਨੇਕਲ (thatonecal) ਨਾਂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਹੈ। ਉਸ ਨੇ ਦੱਸਿਆ ਕਿ ਉਹ ਪਿਜ਼ਾ ਖਾਣਾ ਚਾਹੁੰਦਾ ਸੀ, ਇਸ ਲਈ ਉਸ ਨੇ ਡੋਮੀਨੋਜ਼ ਜਾ ਕੇ ਰੇਟ ਚੈੱਕ ਕੀਤੇ। ਉੱਥੇ ਉਸ ਦੀ ਪਸੰਦ ਦੇ ਪਿਜ਼ਾ ਦੀ ਕੀਮਤ 19.99 ਡਾਲਰ ਸੀ, ਜੋ ਕਿ ਭਾਰਤੀ ਮੁਦਰਾ ਵਿੱਚ ਲਗਭਗ 1656 ਰੁਪਏ ਹੈ। ਇਸ ਤੋਂ ਬਾਅਦ ਉਸ ਨੇ ਬ੍ਰਿਟੇਨ ਤੋਂ ਇਟਲੀ ਦੇ ਮਿਲਾਨ ਸ਼ਹਿਰ ਦੀ ਫਲਾਈਟ ਦੀ ਟਿਕਟ ਚੈੱਕ ਕੀਤੀ ਤਾਂ ਆਖਰੀ ਮਿੰਟ ਦੀ ਫਲਾਈਟ ਦੀ ਟਿਕਟ ਸਿਰਫ 8 ਡਾਲਰ ਯਾਨੀ ਕਰੀਬ 663 ਰੁਪਏ ਸੀ। ਇਸ ਤੋਂ ਬਾਅਦ ਰਿਆਨ ਨੇ ਫਲਾਈਟ ਬੁੱਕ ਕੀਤੀ ਅਤੇ ਪਿਜ਼ਾ ਖਾਣ ਲਈ ਇਟਲੀ ਪਹੁੰਚ ਗਿਆ।
ਇਹ ਵੀ ਪੜ੍ਹੋ : ਚੀਨ ਨੇ ਗੁਬਾਰਾ ਨਸ਼ਟ ਕੀਤੇ ਜਾਣ ਦੇ ਮਾਮਲੇ 'ਚ ਅਮਰੀਕੀ ਸੰਸਥਾਵਾਂ ਨੂੰ ਦਿੱਤੀ ਇਹ ਚਿਤਾਵਨੀ
ਮਿਲਾਨ ਵਿੱਚ ਉਸ ਨੇ ਇਕ ਮਾਰਗਰੀਟਾ ਪਿਜ਼ਾ ਆਰਡਰ ਕੀਤਾ, ਜਿਸ ਦੀ ਕੀਮਤ 11 ਯੂਰੋ ਹੈ, ਜੋ ਕਿ ਸਰਵਿਸ ਚਾਰਜ ਸਮੇਤ ਲਗਭਗ 9 ਪੌਂਡ ਹੈ। ਇਸ ਤਰ੍ਹਾਂ ਉਸ ਦੀ ਕੁਲ ਯਾਤਰਾ ਸਿਰਫ 17 ਪੌਂਡ ਅਤੇ 72 ਸੈਂਟ ਵਿੱਚ ਪੂਰੀ ਹੋਈ, ਜੋ ਕਿ ਡੋਮੀਨੋਜ਼ ਪਿਜ਼ਾ ਦੀ ਕੀਮਤ ਤੋਂ ਘੱਟ ਹੈ। ਇੰਨਾ ਹੀ ਨਹੀਂ, ਰਿਆਨ ਨੂੰ ਇਕ ਗਲਾਸ ਪ੍ਰੋਸੇਕੋ ਅਤੇ ਇਕ ਮਿੰਨੀ ਪੇਸਟੋ ਪਿਜ਼ਾ ਵੀ ਮੁਫ਼ਤ ਵਿੱਚ ਮਿਲਿਆ। ਜਦੋਂ ਉਸ ਨੇ ਸਾਰੀ ਘਟਨਾ ਦੀ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਤਾਂ ਇਹ ਤੇਜ਼ੀ ਨਾਲ ਵਾਇਰਲ ਹੋ ਗਈ। ਲੋਕ ਇਹ ਦੇਖ ਕੇ ਹੈਰਾਨ ਹਨ ਕਿ ਇਕ ਵਿਅਕਤੀ ਇੰਨੇ ਘੱਟ ਪੈਸਿਆਂ 'ਚ ਦੂਜੇ ਦੇਸ਼ ਦੀ ਯਾਤਰਾ ਕਿਵੇਂ ਕਰ ਸਕਦਾ ਹੈ, ਜਿੰਨੇ ਘੱਟ ਪੈਸਿਆਂ 'ਚ ਉਸ ਦੇ ਦੇਸ਼ 'ਚ ਪਿਜ਼ਾ ਵੀ ਨਹੀਂ ਮਿਲਦਾ। ਇਹ ਪੋਸਟ ਕੁਝ ਦਿਨ ਪਹਿਲਾਂ ਦੀ ਹੈ ਪਰ ਹੁਣ ਇਹ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ 'ਤੇ ਕਈ ਮਜ਼ੇਦਾਰ ਕੁਮੈਂਟਸ ਕਰ ਰਹੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।