ਵਾਸ਼ਿੰਗਟਨ ''ਚ ਬੰਬ ਦੀ ਅਫਵਾਹ ਫੈਲਾਉਣ ਵਾਲੇ ਵਿਅਕਤੀ ਨੇ ਕੀਤਾ ਆਤਮ ਸਮਰਪਣ

Friday, Aug 20, 2021 - 10:39 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ, ਡੀ.ਸੀ. ਵਿੱਚ ਵੀਰਵਾਰ ਨੂੰ ਇੱਕ ਵਿਅਕਤੀ ਵੱਲੋਂ ਕੈਪੀਟਲ ਦੀਆਂ ਸਰਕਾਰੀ ਇਮਾਰਤਾਂ ਕੋਲ ਆਪਣੇ ਪਿਕਅਪ ਟਰੱਕ ਵਿੱਚ ਬੰਬ ਹੋਣ ਦੀ ਅਫਵਾਹ ਫੈਲਾ ਕੇ ਇੱਕ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ। ਇਸ ਵਿਅਕਤੀ ਦੁਆਰਾ ਬੰਬ ਦੀ ਧਮਕੀ ਦੇਣ ਉਪਰੰਤ ਪੁਲਸ ਦੁਆਰਾ ਕਈ ਸਰਕਾਰੀ ਇਮਾਰਤਾਂ ਨੂੰ ਵੀਰਵਾਰ ਸਵੇਰੇ ਖਾਲੀ ਕਰਵਾਇਆ ਗਿਆ। ਪੁਲਸ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਬੰਬ ਦੀ ਧਮਕੀ ਦੇਣ ਵਾਲੇ ਉੱਤਰੀ ਕੈਰੋਲੀਨਾ ਦੇ 49 ਸਾਲਾ ਫਲਾਇਡ ਰੇ ਰੋਜ਼ਬੇਰੀ ਨਾਮ ਦੇ ਵਿਅਕਤੀ ਨੇ ਵੀਰਵਾਰ ਦੁਪਹਿਰ ਨੂੰ ਆਤਮ ਸਮਰਪਣ ਕਰ ਦਿੱਤਾ ਸੀ ਅਤੇ ਉਹ ਹੁਣ ਹਿਰਾਸਤ ਵਿੱਚ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਟਰੱਕ ਵਿੱਚੋਂ ਕਿਸੇ ਤਰ੍ਹਾਂ ਦਾ ਵਿਸਫੋਟਕ ਉਪਕਰਣ ਨਹੀਂ ਮਿਲਿਆ ਪਰ ਉਨ੍ਹਾਂ ਨੇ ਸੰਭਾਵਤ ਬੰਬ​ਬਣਾਉਣ ਵਾਲੀ ਸਮੱਗਰੀ ਨੂੰ ਜ਼ਬਤ ਕੀਤਾ।

ਕੈਪੀਟਲ ਪੁਲਸ ਨੇ ਦੱਸਿਆ ਕਿ ਰੋਜ਼ਬੇਰੀ ਨੇ ਆਪਣਾ ਪਿਕਅਪ ਟਰੱਕ ਕਾਂਗਰਸ ਦੀ ਲਾਇਬ੍ਰੇਰੀ ਦੇ ਸਾਹਮਣੇ ਕਈ ਘੰਟਿਆਂ ਤੋਂ ਖੜ੍ਹਾ ਕੇ ਰੱਖਿਆ ਸੀ ਅਤੇ ਉਸਨੇ ਇਹ ਵੀ ਕਿਹਾ ਸੀ ਕਿ ਉਸ ਕੋਲ ਵਿਸਫੋਟਕ ਉਪਕਰਣ ਹਨ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਕਿਹਾ ਕਿ ਉਸ ਦੇ ਹੱਥ ਵਿੱਚ ਇੱਕ ਡੈਟੋਨੇਟਰ ਫੜਿਆ ਵੀ ਜਾਪਦਾ ਸੀ। ਇਸ ਦੌਰਾਨ ਪੁਲਸ ਨੇ ਵਾਈਟ ਬੋਰਡ 'ਤੇ ਲਿਖ ਕੇ ਰੋਜ਼ਬੇਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਜਦਕਿ ਕੁੱਝ ਸਮੇਂ ਪਿੱਛੋਂ ਰੋਜ਼ਬੇਰੀ ਆਪਣੇ ਟਰੱਕ ਤੋਂ ਬਾਹਰ ਨਿਕਲ ਆਇਆ ਅਤੇ ਬਿਨਾਂ ਕਿਸੇ ਹਿੰਸਕ ਘਟਨਾ ਦੇ ਆਤਮ ਸਮਰਪਣ ਕਰ ਦਿੱਤਾ। ਪੁਲਸ ਅਨੁਸਾਰ ਇਹ ਅਜੇ ਅਣਜਾਣ ਹੈ ਕਿ ਅਜਿਹਾ ਕਰਨ ਪਿੱਛੇ ਉਸ ਦਾ ਉਦੇਸ਼ ਕੀ ਹੋ ਸਕਦਾ ਸੀ।

ਇਸ ਘਟਨਾ ਦੌਰਾਨ ਪੁਲਸ ਨੇ ਸੁਰੱਖਿਆ ਦੇ ਉਦੇਸ਼ ਨਾਲ ਕੈਨਨ ਹਾਊਸ ਆਫਿਸ ਬਿਲਡਿੰਗ, ਇੱਕ ਕਾਂਗਰਸ ਦੇ ਦਫ਼ਤਰ ਦੀ ਇਮਾਰਤ ਨੂੰ ਖਾਲੀ ਕੀਤਾ ਗਿਆ। ਇਸ ਤੋਂ ਇਲਾਵਾ ਕਾਂਗਰਸ ਲਾਇਬ੍ਰੇਰੀ ਅਤੇ ਸੁਪਰੀਮ ਕੋਰਟ ਦੀ ਇਮਾਰਤ ਨੂੰ ਵੀ ਖਾਲੀ ਕਰਵਾ ਲਿਆ ਗਿਆ ਸੀ।
 
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News