ਨਵੇਂ ਵਰ੍ਹੇ ''ਚ 33 ਸਾਲ ਬਾਅਦ ਮਿਲੇ ਵਿਛੜੇ ਮਾਂ-ਪੁੱਤ, ਭਾਵੁਕ ਕਰ ਦੇਣ ਵਾਲਾ ਰਿਹਾ ਪਲ
Monday, Jan 03, 2022 - 06:21 PM (IST)
ਬੀਜਿੰਗ (ਬਿਊਰੋ): ਚੀਨ ਦਾ ਦਿਲ ਨੂੰ ਛੂਹ ਲੈਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨਵੇਂ ਸਾਲ ਦੇ ਦਿਨ 33 ਸਾਲ ਪਹਿਲਾਂ ਵਿਛੜੇ ਮਾਂ-ਪੁੱਤ ਇਕ-ਦੂਜੇ ਨੂੰ ਮਿਲੇ ਅਤੇ ਇਹ ਪਲ ਦੋਹਾਂ ਸਮੇਤ ਸਾਰਿਆਂ ਨੂੰ ਭਾਵੁਕ ਕਰ ਦੇਣ ਵਾਲਾ ਰਿਹਾ।ਅਸਲ ਵਿਚ ਲੀ ਜਿੰਗਵੇਈ ਨੂੰ 33 ਸਾਲ ਪਹਿਲਾਂ ਮਤਲਬ ਬਚਪਨ ਵਿਚ ਅਗਵਾ ਕਰ ਲਿਆ ਗਿਆ ਸੀ ਪਰ ਤਿੰਨ ਦਹਾਕਿਆਂ ਬਾਅਦ ਜਿੰਗਵੇਈ ਆਪਣੀ ਮਾਂ ਕੋਲ ਦੁਬਾਰਾ ਵਾਪਸ ਆ ਗਿਆ ਹੈ। ਅਜਿਹਾ ਇਸ ਲਈ ਸੰਭਵ ਹੋਇਆ ਕਿਉਂਕਿ ਉਸ ਨੇ ਆਪਣੀ ਯਾਦਸ਼ਕਤੀ ਦੇ ਆਧਾਰ 'ਤੇ ਪਿੰਡ ਦਾ ਨਕਸ਼ਾ ਬਣਾਇਆ ਅਤੇ ਉਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਇਸ ਨਕਸ਼ੇ ਦੀ ਮਦਦ ਨਾਲ ਉਹ ਮੁੜ ਆਪਣੇ ਪਰਿਵਾਰ ਨਾਲ ਮਿਲ ਸਕਿਆ। ਇਹ ਪੂਰਾ ਮਾਮਲਾ ਕੁਝ ਇਸ ਤਰ੍ਹਾਂ ਹੈ।
ਡੇਲੀ ਮੇਲ ਦੀ ਰਿਪੋਰਟ ਮੁਤਾਬਕ 1989 ਵਿਚ ਹੇਨਾਨ ਸੂਬੇ ਵਿਚ 4 ਸਾਲ ਦੇ ਲੀ ਜਿੰਗਵੇਈ ਨੂੰ ਇਕ ਵਿਅਕਤੀ ਨੇ ਚਾਈਲਡ ਟ੍ਰੈਫਿਕਿੰਗ (ਬਾਲ ਤਸਕਰੀ) ਲਈ ਅਗਵਾ ਕਰ ਲਿਆ ਸੀ। ਉਸ ਨੇ ਕਰੀਬ 1900 ਕਿਲੋਮੀਟਰ ਦੂਰ ਜਾ ਕੇ ਗੁਆਂਗਡੋਂਗ ਸੂਬੇ ਵਿਚ ਜਿੰਗਵੇਈ ਨੂੰ ਇਕ ਜੋੜੇ ਨੂੰ ਵੇਚ ਦਿੱਤਾ ਸੀ। ਇਸ ਮਗਰੋਂ ਕਾਫੀ ਤਫਤੀਸ਼ ਦੇ ਬਾਅਦ ਵੀ ਜਿੰਗਵੇਈ ਦਾ ਕੁਝ ਪਤਾ ਨਹੀਂ ਚੱਲ ਸਕਿਆ ਸੀ ਪਰ ਹੁਣ 33 ਸਾਲ ਬਾਅਦ ਜਿੰਗਵੇਈ ਆਪਣੀ ਯਾਦਸ਼ਕਤੀ ਨਾਲ ਬਣਾਏ ਘਰ ਦੇ ਨਕਸ਼ੇ ਦੀ ਮਦਦ ਨਾਲ ਪਰਿਵਾਰ ਵਾਲਿਆਂ ਕੋਲ ਵਾਪਸ ਆ ਗਿਆ ਹੈ। 33 ਸਾਲ ਬਾਅਦ ਜਦੋਂ ਜਿੰਗਵੇਈ ਆਪਣੇ ਘਰ ਪਹੁੰਚਿਆ ਅਤੇ ਆਪਣੀ ਮਾਂ ਨੂੰ ਮਿਲਿਆ ਤਾਂ ਉਹਨਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। 4 ਸਾਲ ਦੀ ਉਮਰ ਵਿਚ ਲਾਪਤਾ ਹੋਇਆ ਜਿੰਗਵੇਈ ਹੁਣ ਵਿਆਹੁਤਾ ਹੈ ਅਤੇ ਉਸ ਦੇ ਬੱਚੇ ਵੀ ਹਨ।
ਪਰਿਵਾਰ ਨਾਲ ਇੰਝ ਹੋਈ ਮੁਲਾਕਾਤ
ਅਸਲ ਵਿਚ ਜਿੰਗਵੇਈ ਦੇ ਦਿਮਾਗ ਵਿਚੋਂ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਮਾਂ ਅਤੇ ਪਿੰਡ ਦੀਆਂ ਯਾਦਾਂ ਮਿਟੀਆਂ ਨਹੀਂ ਸਨ। ਉਹ ਦਿਨ ਵਿਚ ਇਕ ਵਾਰ ਆਪਣੇ ਪਿੰਡ-ਘਰ ਦਾ ਨਕਸ਼ਾ ਬਣਾਉਂਦਾ ਸੀ ਤਾਂ ਜੋ ਉਸ ਨੂੰ ਸਭ ਕੁਝ ਯਾਦ ਰਹੇ। ਥੋੜ੍ਹਾ ਹੋਰ ਵੱਡਾ ਹੋਣ 'ਤੇ ਉਸ ਨੇ ਕਈ ਵਾਰ ਉਸ ਜੋੜੇ ਨੂੰ ਵੀ ਬੇਨਤੀ ਕੀਤੀ ਕਿ ਉਹ ਪਿੰਡ ਜਾ ਕੇ ਉਸ ਨੂੰ ਉਸ ਦੀ ਅਸਲੀ ਮਾਂ ਨਾਲ ਮਿਲਾ ਦੇਣ ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਅਜਿਹੇ ਵਿਚ ਜਿੰਗਵੇਈ ਨੇ ਆਪਣੀ ਯਾਦਸ਼ਕਤੀ 'ਤੇ ਜ਼ੋਰ ਪਾਇਆ ਅਤੇ ਆਪਣੇ ਪਿੰਡ ਦਾ ਨਕਸ਼ਾ ਕਾਗਜ਼ ਦੇ ਸਫੇ 'ਤੇ ਤਿਆਰ ਕਰ ਲਿਆ। ਦਿਲਚਸਪ ਗੱਲ ਇਹ ਰਹੀ ਕਿ ਇਹ ਨਕਸ਼ਾ ਉਸ ਦੇ ਪਿੰਡ ਦੀ ਬਣਾਵਟ ਨਾਲ ਮੇਲ ਖਾਂਦਾ ਸੀ। ਇਸ ਦੌਰਾਨ ਕਿਸੇ ਦੇ ਕਹਿਣ 'ਤੇ ਜਿੰਗਵੇਈ ਨੇ ਇਹ ਨਕਸ਼ਾ ਇੰਟਰਨੈੱਟ 'ਤੇ ਅਪਲੋਡ ਕਰ ਦਿੱਤਾ। ਨਾਲ ਹੀ ਖੁਦ ਦੇ ਬਾਲ ਤਸਕਰੀ ਦਾ ਸ਼ਿਕਾਰ ਹੋਣ ਦੀ ਕਹਾਣੀ ਵੀ ਨਕਸ਼ੇ ਨਾਲ ਜੋੜ ਦਿੱਤੀ।
ਪੜ੍ਹੋ ਇਹ ਅਹਿਮ ਖਬਰ - ਬਾਈਡੇਨ ਦੀ ਚਿਤਾਵਨੀ, ਜੇਕਰ ਰੂਸ ਯੂਕਰੇਨ 'ਤੇ ਹਮਲਾ ਕਰਦਾ ਹੈ ਤਾਂ ਹੋਵੇਗੀ ਨਿਰਣਾਇਕ ਕਾਰਵਾਈ
ਜਲਦੀ ਹੀ ਉਸ ਦੀ ਕਹਾਣੀ ਵਾਇਰਲ ਹੋ ਗਈ। ਮਾਮਲਾ ਪੁਲਸ ਤੱਕ ਪਹੁੰਚਿਆ ਤਾਂ ਉਹਨਾਂ ਨੇ ਵੀ ਜਿੰਗਵੇਈ ਨੂੰ ਅਸਲੀ ਮਾਂ ਨਾਲ ਮਿਲਾਉਣ ਦਾ ਇਰਾਦਾ ਬਣਾਇਆ। ਪੁਲਸ ਨੇ ਉਸ ਦੇ ਬਣਾਏ ਨਕਸ਼ੇ ਨੂੰ ਪਹਾੜਾਂ 'ਤੇ ਵਸੇ ਝਾਓਤੋਂਗ ਸ਼ਹਿਰ ਦੇ ਇਕ ਪਿੰਡ ਨਾਲ ਮਿਲਾਇਆ। ਉਸ ਪਿੰਡ ਤੱਕ ਪਹੁੰਚਣ ਦੇ ਬਾਅਦ ਡੀ.ਐੱਨ.ਏ. ਰਿਪੋਰਟ ਦੇ ਆਧਾਰ 'ਤੇ ਜਿੰਗਵੇਈ ਦੀ ਮਾਂ ਦਾ ਪਤਾ ਲੱਗਿਆ। ਨਵੇਂ ਸਾਲ ਦੇ ਦਿਨ ਮਾਂ-ਪੁੱਤਰ ਇਕ-ਦੂਜੇ ਨੂੰ 33 ਸਾਲ ਬਾਅਦ ਮੁੜ ਮਿਲੇ। ਮੁਲਾਕਾਤ ਦੌਰਾਨ ਦੋਵੇਂ ਬਹੁਤ ਭਾਵੁਕ ਸਨ। ਜਿੰਗਵੇਈ ਦੀ ਮਾਂ ਆਪਣੇ ਪੁੱਤਰ ਨੂੰ ਛਾਤੀ ਨਾਲ ਲਗਾ ਕੇ ਰੋ ਰਹੀ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।