ਬ੍ਰਿਸਬੇਨ ''ਚ ਸਾਹਮਣੇ ਆਈ ਇਨਸਾਨੀ ਦਰਿੰਦਗੀ, ਗਲਾ ਘੁੱਟ ਕੇ ਵਿਅਕਤੀ ਨੇ ਲਈ ਮਾਸੂਮ ਪੰਛੀ ਦੀ ਜਾਨ

01/27/2017 4:33:56 PM

ਬ੍ਰਿਸਬੇਨ— ਪੁਲਸ ਨੇ ਸ਼ਹਿਰ ''ਚ ਰਹਿਣ ਵਾਲੇ ਇੱਕ ਵਿਅਕਤੀ ਦੇ ਵਿਰੁੱਧ ਜਾਨਵਰਾਂ ਪ੍ਰਤੀ ਬੇਰਹਿਮੀ ਦਿਖਾਉਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ 31 ਸਾਲਾ ਦੋਸ਼ੀ ਨੇ ਸ਼ੁੱਕਰਵਾਰ ਨੂੰ ਸ਼ਹਿਰ ਦੀ ਜਾਰਜ ਸਟਰੀਟ ਤੋਂ ਇੱਕ ਆਈਬਿਸ (ਪੰਛੀ) ਨੂੰ ਫੜਿਆ ਅਤੇ ਪਿੱਛੋਂ ਉਸ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਉਕਤ ਵਿਅਕਤੀ ਆਈਬਿਸ ਨੂੰ ਫੜ ਕੇ ਲੋਕਾਂ ਕੋਲ ਗਿਆ ਅਤੇ ਉਨ੍ਹਾਂ ਨੂੰ ਧਮਕੀਆਂ ਦੇਣ ਲੱਗਾ। 
ਇਸ ਘਟਨਾ ਤੋਂ ਬਾਅਦ ਸੀਨੀਅਰ ਸਾਰਜੈਂਟ ਨੇਵਿਲ ਮਿੱਲਜ਼ ਨੇ ਦੱਸਿਆ ਕਿ ਜਾਨਵਰਾਂ ਅਤੇ ਪੰਛੀਆਂ ਪ੍ਰਤੀ ਬੇਰਹਿਮੀ ਦਿਖਾਉਣ ਦਾ ਮਾਮਲਾ ਬਹੁਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਬੇਜ਼ੁਬਾਨਾਂ ''ਤੇ ਇਸ ਤਰ੍ਹਾਂ ਕੀਤੇ ਜਾਂਦੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਿਹੜਾ ਵੀ ਇਸ ਲਈ ਜ਼ਿੰਮੇਵਾਰ ਹੋਵੇਗਾ, ਉਸ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਆਉਣ ਵਾਲੀ 10 ਫਰਵਰੀ ਨੂੰ ਬ੍ਰਿਸਬੇਨ ਮੈਜਿਸਟਰੇਟ ਕੋਰਟ ''ਚ ਪੇਸ਼ ਕੀਤਾ ਜਾਵੇਗਾ।

Related News