ਸ਼ਖ਼ਸ ਨੇ ਆਨਲਾਈਨ ਖ਼ਰੀਦੀ ਪੁਰਾਣੀ ਅਲਮਾਰੀ, ਵਿਚੋਂ ਨਿਕਲਿਆ 1 ਕਰੋੜ 'ਕੈਸ਼'
Thursday, Apr 28, 2022 - 02:24 PM (IST)
ਬਰਲਿਨ (ਬਿਊਰੋ): ਜਰਮਨੀ ਵਿਚ ਰਹਿੰਦੇ ਇਕ ਸ਼ਖ਼ਸ ਨੇ ਈਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਇਸ ਸ਼ਖ਼ਸ ਨੇ ਪੁਰਾਣੀ ਅਲਮਾਰੀ ਖਰੀਦੀ ਸੀ। ਜਦੋਂ ਉਸ ਨੇ ਘਰ ਆ ਕੇ ਇਸ ਅਲਮਾਰੀ ਨੂੰ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਿਆ। ਅਸਲ ਵਿਚ ਅਲਮਾਰੀ ਵਿਚੋਂ 1 ਕਰੋੜ ਰੁਪਏ ਤੋਂ ਜ਼ਿਆਦਾ ਦਾ ਕੈਸ਼ ਨਿਕਲਿਆ। ਇਸ ਅਲਮਾਰੀ ਨੂੰ ਉਸ ਨੇ ਆਨਲਾਈਨ ਸਾਈਟ eBay ਤੋਂ ਖਰੀਦਿਆ ਸੀ।
ਸ਼ਖ਼ਸ ਦਾ ਨਾਮ ਥਾਮਸ ਹੇਲਰ ਹੈ, ਜੋ ਜਰਮਨੀ ਦੇ ਬੀਟਰਫੀਲਡ ਦਾ ਰਹਿਣ ਵਾਲਾ ਹੈ। 'ਡੇਲੀ ਮੇਲ' ਦੀ ਰਿਪੋਰਟ ਮੁਤਾਬਕ ਥਾਮਸ ਨੇ ਇਹ ਕਿਚਨ ਦਾ ਸਾਮਾਨ ਰੱਖਣ ਲਈ ਇਕ ਪੁਰਾਣੀ ਅਲਮਾਰੀ ਖਰੀਦੀ ਸੀ ਅਤੇ ਇਸ ਲਈ ਉਸ ਨੇ 19 ਹਜ਼ਾਰ ਦਿੱਤੇ ਸਨ ਪਰ ਕੈਬਨਿਟ ਖੋਲ੍ਹਦੇ ਹੀ ਉਹ ਹੈਰਾਨ ਰਹਿ ਗਿਆ। ਅਸਲ ਵਿਚ ਇਸ ਕੈਬਨਿਟ ਅੰਦਰੋਂ ਉਸ ਨੂੰ ਦੋ ਬਕਸੇ ਮਿਲੇ, ਜਿਹਨਾਂ ਨੂੰ ਖੋਲ੍ਹਣ ਮਗਰੋਂ ਉਹਨਾਂ ਦੇ ਅੰਦਰੋਂ 1 ਕਰੋੜ 19 ਲੱਖ ਰੁਪਏ ਕੈਸ਼ ਨਿਕਲਿਆ। ਹਾਲਾਂਕਿ ਥਾਮਸ ਨੇ ਇਸ ਕੈਸ਼ ਨੂੰ ਆਪਣੀ ਕੋਲ ਰੱਖਣ ਦੀ ਬਜਾਏ ਸਥਾਨਕ ਪੁਲਸ ਦੇ ਹਵਾਲੇ ਕਰ ਦਿੱਤਾ ਤਾਂ ਜੋ ਪੈਸੇ ਉਸ ਦੇ ਅਸਲੀ ਮਾਲਕ ਤੱਕ ਪਹੁੰਚਾਏ ਜਾ ਸਕਣ।
ਪੜ੍ਹੋ ਇਹ ਅਹਿਮ ਖ਼ਬਰ- ਦੱਖਣੀ ਕੋਰੀਆ ਬਣਾਉਣ ਜਾ ਰਿਹਾ 'ਫਲੋਟਿੰਗ ਸਿਟੀ', ਰਹਿ ਸਕਣਗੇ 1 ਲੱਖ ਲੋਕ (ਤਸਵੀਰਾਂ)
ਜਾਂਚ ਵਿਚ ਸਾਹਮਣੇ ਆਈ ਇਹ ਸੱਚਾਈ
ਪੁਲਸ ਨੇ ਜਾਂਚ ਦੌਰਾਨ ਪਤਾ ਲਗਾਇਆ ਕਿ ਇਹ ਰਾਸ਼ੀ 91 ਸਾਲਾ ਬਜ਼ੁਰਗ ਔਰਤ ਦੀ ਹੈ ਜੋ ਹੇਲੀ ਸਿਟੀ ਵਿਚ ਰਹਿੰਦੀ ਹੈ। ਅਲਮਾਰੀ ਦੀ ਪਹਿਲੀ ਮਾਲਕਣ ਉਹੀ ਸੀ। ਉਸ ਦੇ ਪੋਤੇ ਨੇ ਅਲਮਾਰੀ ਵੇਚੀ ਸੀ ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ ਇਸ ਵਿਚ ਬਜ਼ੁਰਗ ਦਾਦੀ ਨੇ ਕੈਸ਼ ਰੱਖਿਆ ਹੋਇਆ ਹੈ। ਗੌਰਤਲਬ ਹੈ ਕਿ ਜਰਮਨੀ ਵਿਚ ਕਿਸੇ ਦੇ ਗੁੰਮ ਹੋਏ ਪੈਸਿਆਂ (ਹਜ਼ਾਰ ਰੁਪਏ ਤੋਂ ਵੱਧ) ਨੂੰ ਆਪਣੇ ਕੋਲ ਰੱਖਣਾ ਜੁਰਮ ਹੈ। ਦੋਸ਼ੀ ਪਾਏ ਜਾਣ 'ਤੇ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਹਾਲਾਂਕਿ ਕਾਨੂੰਨ ਇਹ ਵੀ ਹੈ ਕਿ ਈਮਾਨਦਾਰੀ ਨਾਲ ਪੈਸੇ ਵਾਪਸ ਕਰਨ ਵਾਲੇ ਨੂੰ ਇਨਾਮ ਵੀ ਦਿੱਤਾ ਜਾਂਦਾ ਹੈ। ਅਜਿਹੇ ਵਿਚ ਥਾਮਸ ਨੂੰ ਕੁੱਲ ਰਾਸ਼ੀ ਦਾ 3 ਫੀਸਦੀ ਇਨਾਮ ਦੇ ਤੌਰ 'ਤੇ ਦਿੱਤਾ ਗਿਆ। ਉਸ ਨੂੰ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਰੁਪਏ ਮਿਲੇ।