ਅਮਰੀਕਾ: ਡਾ. ਐਂਥਨੀ ਫਾਊਚੀ ਨੂੰ ਧਮਕੀ ਭਰੀਆਂ ਈਮੇਲ ਭੇਜਣ ਵਾਲੇ ਵਿਅਕਤੀ ਨੂੰ ਹੋ ਸਕਦੀ ਹੈ ਜੇਲ੍ਹ
Thursday, Jul 29, 2021 - 02:11 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਡਾਇਰੈਕਟਰ ਅਤੇ ਰਾਸ਼ਟਰਪਤੀ ਦੇ ਮੁੱਖ ਡਾਕਟਰੀ ਸਲਾਹਕਾਰ ਵਜੋਂ ਕੰਮ ਕਰਦੇ ਡਾਕਟਰ ਐਂਥਨੀ ਸਟੀਫਨ ਫਾਊਚੀ ਨੂੰ ਧਮਕੀ ਭਰੀਆਂ ਈਮੇਲ ਭੇਜਣ ਵਾਲੇ ਵਿਅਕਤੀ ਨੂੰ ਲੰਮੇ ਸਮੇਂ ਲਈ ਜੇਲ੍ਹ ਭੇਜਿਆ ਜਾ ਸਕਦਾ ਹੈ। ਇਸ ਮਾਮਲੇ ਵਿਚ ਮੈਰੀਲੈਂਡ ਦੇ ਇਕ ਵਿਅਕਤੀ ਨੂੰ ਡਾ. ਐਂਥਨੀ ਫਾਊਚੀ ਸਮੇਤ ਰਾਸ਼ਟਰੀ ਸਿਹਤ ਸੰਸਥਾ ਦੇ ਡਾਇਰੈਕਟਰ ਫ੍ਰਾਂਸਿਸ ਕੋਲਿਨਜ਼ ਅਤੇ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਥੌਮਸ ਪੈਟਰਿਕ ਕੌਨਲੀ ਜੂਨੀਅਰ (56) ਨਾਮ ਦੇ ਇਸ ਵਿਅਕਤੀ ਨੇ ਧਮਕੀ ਭਰੇ ਕਈ ਈਮੇਲ ਭੇਜੇ ਜੋ ਬੰਦੂਕ ਦੀ ਹਿੰਸਾ, ਸਰੀਰਕ ਕੁੱਟਮਾਰ, ਟੌਰਚਰ ਅਤੇ ਅਗਨੀ ਕਾਂਡ ਦੀਆਂ ਧਮਕੀਆਂ ਦਿੰਦੇ ਸਨ। ਐਂਥਨੀ ਨੂੰ ਧਮਕੀ ਭਰੇ ਈਮੇਲ ਸੰਦੇਸ਼ ਇਕ ਇਨਕ੍ਰਿਪਟਡ ਸਵਿਸ ਅਧਾਰਿਤ ਈਮੇਲ ਖਾਤੇ ਤੋਂ ਦਸੰਬਰ ਅਤੇ ਪਿਛਲੇ ਹਫ਼ਤੇ ਭੇਜੇ ਗਏ।
ਅਮਰੀਕੀ ਅਟਾਰਨੀ ਅਨੁਸਾਰ ਇਕ ਈਮੇਲ ਵਿਚ ਕੌਨਲੀ ਨੇ ਲਿਖਿਆ ਕਿ ਉਸਨੂੰ ਉਮੀਦ ਹੈ ਕਿ ਆਖ਼ਰੀ ਸੱਤ ਰਾਸ਼ਟਰਪਤੀਆਂ ਦੇ ਮੁੱਖ ਮੈਡੀਕਲ ਸਲਾਹਕਾਰ ਅਤੇ ਉਸ ਦੇ ਪਰਿਵਾਰ ਨੂੰ ਗਲੀ ਵਿਚ ਘਸੀਟਿਆ ਅਤੇ ਕੁੱਟਿਆ ਜਾਵੇਗਾ ਅਤੇ ਅੱਗ ਲਾ ਦਿੱਤੀ ਜਾਵੇਗੀ। ਇਸ ਮਾਮਲੇ ਵਿਚ ਇਸ ਹਫ਼ਤੇ ਕੌਨਲੀ ਨੂੰ ਇਕ ਫੈਡਰਲ ਅਧਿਕਾਰੀ ਖਿਲਾਫ਼ ਧਮਕੀਆਂ ਦੇਣ ਦੇ ਦੋਸ਼ ਵਿਚ ਜੱਜ ਸਾਹਮਣੇ ਪੇਸ਼ ਕੀਤੇ ਜਾਣ ਦੀ ਉਮੀਦ ਹੈ ਅਤੇ ਜੇ ਉਸ ਨੂੰ ਪਬਲਿਕ ਅਧਿਕਾਰੀਆਂ ਨੂੰ ਧਮਕੀਆਂ ਦੇਣ ਲਈ ਦੋਸ਼ੀ ਮੰਨਿਆ ਜਾਂਦਾ ਹੈ ਤਾਂ ਕੌਨਲੀ ਨੂੰ 10 ਸਾਲ ਤੱਕ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।