ਅਫਗਾਨਿਸਤਾਨ ''ਚ ਸਭ ਤੋਂ ਉੱਚੇ ਪੱਧਰ ''ਤੇ ਕੁਪੋਸ਼ਣ ਦੀ ਦਰ: ਸੰਯੁਕਤ ਰਾਸ਼ਟਰ ਏਜੰਸੀ
Friday, Jan 27, 2023 - 01:58 PM (IST)
ਕਾਬੁਲ (ਭਾਸ਼ਾ)- ਅਫਗਾਨਿਸਤਾਨ ਵਿੱਚ ਕੁਪੋਸ਼ਣ ਦੀ ਦਰ ਸਭ ਤੋਂ ਉੱਚੇ ਪੱਧਰ 'ਤੇ ਹੈ ਅਤੇ ਦੇਸ਼ ਦਾ ਅੱਧਾ ਹਿੱਸਾ ਸਾਲ ਭਰ ਭੁੱਖਮਰੀ ਦਾ ਸ਼ਿਕਾਰ ਰਿਹਾ ਹੈ। ਵਿਸ਼ਵ ਖੁਰਾਕ ਪ੍ਰੋਗਰਾਮ ਦੇ ਇਕ ਬੁਲਾਰੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਗਸਤ 2021 ਵਿੱਚ ਤਾਲਿਬਾਨ ਦੇ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਲੱਖਾਂ ਲੋਕ ਗਰੀਬੀ ਅਤੇ ਭੁੱਖਮਰੀ ਦੀ ਲਪੇਟ ਵਿਚ ਆ ਗਏ, ਕਿਉਂਕਿ ਰਾਤੋ-ਰਾਤ ਵਿਦੇਸ਼ੀ ਸਹਾਇਤਾ ਲਗਭਗ ਬੰਦ ਹੋ ਗਈ। ਸੰਯੁਕਤ ਰਾਸ਼ਟਰ ਦੀ ਫੂਡ ਏਜੰਸੀ ਦੇ ਬੁਲਾਰੇ ਫਿਲਿਪ ਰੌਫ ਨੇ ਕਾਬੁਲ ਵਿੱਚ ਕਿਹਾ, "ਅੱਧਾ ਅਫਗਾਨਿਸਤਾਨ ਸਾਲ ਭਰ ਗੰਭੀਰ ਭੁੱਖਮਰੀ ਦਾ ਸਾਹਮਣਾ ਕਰਦਾ ਰਿਹਾ ਅਤੇ ਅਫਗਾਨਿਸਤਾਨ ਵਿੱਚ ਕੁਪੋਸ਼ਣ ਦੀ ਦਰ ਸਭ ਤੋਂ ਉੱਚੇ ਪੱਧਰ 'ਤੇ ਹੈ।"
ਉਨ੍ਹਾਂ ਕਿਹਾ, "4 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿੱਚ, 70 ਲੱਖ ਬੱਚੇ (5 ਸਾਲ ਤੋਂ ਘੱਟ ਉਮਰ ਦੇ) ਅਤੇ ਮਾਵਾਂ ਕੁਪੋਸ਼ਣ ਦਾ ਸ਼ਿਕਾਰ ਹਨ।" ਉਨ੍ਹਾਂ ਅੱਗੇ ਕਿਹਾ ਕਿ ਅਫਗਾਨਿਸਤਾਨ ਦੇ ਲੋਕ ਮੌਤ ਦੇ ਮੁੰਹ ਵਿਚ ਨਹੀਂ ਜਾ ਰਹੇ ਹਨ, ਪਰ ਉਨ੍ਹਾਂ ਕੋਲ ਮਨੁੱਖੀ ਸੰਕਟ ਨੂੰ ਕਰਨ ਲਈ ਕੋਈ ਵਸੀਲਾ ਨਹੀਂ ਬਚਿਆ ਹੈ। ਜ਼ਿਕਰਯੋਗ ਹੈ ਕਿ ਸਹਾਇਤਾ ਏਜੰਸੀਆਂ ਨਾਗਰਿਕਾਂ ਨੂੰ ਭੋਜਨ, ਸਿੱਖਿਆ ਅਤੇ ਸਿਹਤ ਸੰਬੰਧੀ ਸਹਾਇਤਾ ਪ੍ਰਦਾਨ ਕਰ ਰਹੀਆਂ ਹਨ। ਹਾਲਾਂਕਿ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗੈਰ-ਸਰਕਾਰੀ ਸਮੂਹਾਂ ਵਿੱਚ ਔਰਤਾਂ ਨੂੰ ਕੰਮ ਕਰਨ 'ਤੇ ਪਾਬੰਦੀ ਲਗਾਉਣ ਵਾਲੇ ਤਾਲਿਬਾਨ ਦੇ ਹੁਕਮਾਂ ਨਾਲ ਸਹਾਇਤਾ ਸਬੰਧੀ ਵੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।