ਮਲੇਸ਼ੀਆ : ਦੋ ਵੱਖ-ਵੱਖ ਤਸਕਰੀ ਮਾਮਲਿਆਂ 'ਚ 4 ਭਾਰਤੀ ਗ੍ਰਿਫਤਾਰ

06/26/2019 5:02:20 PM

ਕੁਆਲਾਲੰਪੁਰ (ਭਾਸ਼ਾ)— ਮਲੇਸ਼ੀਆ ਵਿਚ ਦੋ ਵੱਖ-ਵੱਖ ਘਟਨਾਕ੍ਰਮਾਂ ਵਿਚ ਕੱਛੂਕੰਮੇ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿਚ 4 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕੋਲੋਂ 5 ਹਜ਼ਾਰ ਕੱਛੂਕੰਮੇ ਅਤੇ 14 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ, ਜਿਨ੍ਹਾਂ ਦੀ ਕੀਮਤ ਕਰੋੜਾਂ ਵਿਚ ਹੈ। ਮੀਡੀਆ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਇਕ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਮਲੇਸ਼ੀਆਈ ਕਸਟਮ ਵਿਭਾਗ ਨੇ ਭਾਰਤ ਜਾਣ ਵਾਲੇ ਦੋ ਸ਼ੱਕੀਆਂ ਕੋਲੋਂ ਕੱਛੂਕੰਮੇ ਦੇ 5,255 ਬੱਚੇ ਜ਼ਬਤ ਕੀਤੇ। 

ਸੇਪਾਂਗ ਸਥਿਤ ਵਿਭਾਗ ਦੇ ਦਫਤਰ ਵਿਚ ਕੇਂਦਰੀ ਜ਼ੋਨ ਦੇ ਕਸਟਮ ਸਹਾਇਕ ਡਾਇਰੈਕਟਰ ਜਨਰਲ ਦਾਤੁਕ ਜ਼ੁਲਕਰਨੈਨ ਮੁਹੰਮਦ ਯੁਸੂਫ ਨੇ ਇਕ ਪੱਤਰਕਾਰ ਸੰਮੇਲਨ ਵਿਚ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਦੋ ਭਾਰਤੀਆਂ ਕੋਲੋਂ 20 ਜੂਨ ਨੂੰ ਕੁਆਲਾਲੰਪੁਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਹ ਬਰਾਮਦਗੀ ਕੀਤੀ ਗਈ। ਸਹਾਇਕ ਡਾਇਰੈਕਟਰ ਜਨਰਲ ਦੇ ਹਵਾਲੇ ਨਾਲ ਖਬਰ ਵਿਚ ਦੱਸਿਆ ਗਿਆ ਕਿ ਦੋਵੇਂ ਭਾਰਤੀ ਚੀਨ ਦੇ ਗੁਆਂਗਝੇਊ ਤੋਂ ਤੁਰੰਤ ਪਹੁੰਚੇ ਸਨ ਅਤੇ ਉਨ੍ਹਾਂ ਦੇ ਸਾਮਾਨ ਦੀ ਜਾਂਚ ਦੌਰਾਨ ਕੱਛੂਕੰਮਿਆਂ ਦੀ ਬਰਾਮਦਗੀ ਹੋਈ। 

ਇਹ ਕੱਛੂਕੰਮੇ ਇਕ ਟੋਕਰੀ ਵਿਚ ਸਨ ਜੋ ਉਨ੍ਹਾਂ ਦੇ ਸੂਟਕੇਸ ਵਿਚ ਰੱਖੀ ਸੀ। ਸੂਟਕੇਸ ਵਿਚੋਂ ਮਿਲੇ ਕੱਛੂਕੰਮੇ ਜਿਉਂਦੇ ਨਹੀਂ ਸਨ। ਵਿਭਾਗ ਨੇ ਬਰਾਮਦ ਕੱਛੂਕੰਮਿਆਂ ਦੀ ਕੀਮਤ 12,700 ਅਮਰੀਕੀ ਡਾਲਰ ਹੋਣ ਦਾ ਅਨੁਮਾਨ ਲਗਾਇਆ ਹੈ। ਅਧਿਕਾਰੀ ਨੇ ਕਿਹਾ ਕਿ ਕਸਟਮ ਐਕਟ 1967 ਮੁਤਾਬਕ ਬਿਨਾਂ ਲਾਈਸੈਂਸ ਕੱਛੂਕੰਮੇ ਨੂੰ ਦਰਾਮਦ (import) ਕਰਨਾ ਇਕ ਅਪਰਾਧ ਹੈ। 

ਜ਼ੁਲਕਰੈਨਨ ਨੇ ਕਿਹਾ ਕਿ ਇਕ ਹੋਰ ਘਟਨਾਕ੍ਰਮ ਵਿਚ ਅਧਿਕਾਰੀਆਂ ਨੇ ਦੋ ਹੋਰ ਭਾਰਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 14 ਕਿਲੋਗ੍ਰਾਮ ਤੋਂ ਵੱਧ ਨਸ਼ੀਲਾ ਪਦਾਰਥ ਮੈਥਾਐਮਫੈਟਾਮਾਈਨ ਬਰਾਮਦ ਕੀਤਾ, ਜਿਸ ਦੀ ਕੀਮਤ 1 ਲੱਖ 74 ਹਜ਼ਾਰ ਅਮਰੀਕੀ ਡਾਲਰ ਹੈ। ਦੋਹਾਂ ਦੋਸ਼ੀਆਂ ਨੂੰ 19-20 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ।


Vandana

Content Editor

Related News