ਅਫ਼ਗਾਨਿਸਤਾਨ ’ਚ ਮਹਿਲਾ ਅਧਿਕਾਰਾਂ ਦੀ ਗਰੰਟੀ ਦੇਵੇ ਤਾਲਿਬਾਨ: ਮਲਾਲਾ
Saturday, Sep 11, 2021 - 10:12 AM (IST)
ਨਿਊਯਾਰਕ- ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸੁਫਜਈ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਫਗਾਨਿਸਤਾਨ ਵਿਚ ਮਹਿਲਾ ਸੁਰੱਖਿਆ ਨੂੰ ਲੈ ਕੇ ਤਾਲਿਬਾਨ ਦਾ ਬਿਆਨ ਦੇਣਾ ਹੀ ਕਾਫੀ ਨਹੀਂ ਹੈ ਸਗੋਂ ਉਸਨੂੰ ਔਰਤਾਂ ਦੀ ਸਿੱਖਿਆ ਸਮੇਤ ਹੋਰ ਅਧਿਕਾਰਾਂ ਦੀ ਗਾਰੰਟੀ ਦੇਣੀ ਚਾਹੀਦੀ ਹੈ। ਮਲਾਲਾ ਨੇ ਅਫਗਾਨਿਸਤਾਨ ਦੀ ਸਥਿਤੀ ’ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ. ਐੱਨ. ਐੱਸ. ਸੀ.) ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜੰਗ ਪ੍ਰਭਾਵਿਤ ਦੇਸ਼ ਵਿਚ ਔਰਤਾਂ ਅਤੇ ਲੜਕੀਆਂ ਲਈ ਸਿੱਖਿਆ ਦੇ ਮੁੱਦੇ ’ਤੇ ਰੋਸ਼ਨੀ ਪਾਈ।ਉਨ੍ਹਾਂ ਨੇ ਕਿਹਾ ਕਿ ਸਿੱਖਿਆ ਦਾ ਅਧਿਕਾਰ ਸਿਰਫ਼ ਵਿਅਕਤੀਗਤ ਨਹੀਂ ਹੈ ਅਤੇ ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨ ਔਰਤਾਂ ਨੂੰ ਸਿੱਖਿਆ ਦੇ ਅਧਿਕਾਰ ਦੀ ਗਰੰਟੀ ਦਿੰਦੇ ਹਨ।
ਮਲਾਲਾ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਾਂਤੀਪੂਰਨ ਅਤੇ ਸਥਿਰ ਅਫਗਾਨਿਸਤਾਨ ਲਈ ਕੁੜੀਆਂ ਨੂੰ ਸਿੱਖਿਆ ਦੀ ਜ਼ਰੂਰਤ ਹੈ। ਅਫਗਾਨਿਸਤਾਨ ਵਿਚ ਸਕੂਲਾਂ ਦੀ ਸਥਿਤੀ ’ਤੇ ਮਲਾਲਾ ਨੇ ਕਿਹਾ ਕਿ ਦੇਸ਼ ’ਚ ਸੈਕੰਡਰੀ ਸਕੂਲ ਬੰਦ ਕਰ ਦਿੱਤੇ ਗਏ ਅਤੇ ਅਧਿਆਕਾਂ ਅਤੇ ਵਿਦਿਆਰਥੀਆਂ ਨੂੰ ਘਰਾਂ ’ਚ ਉਡੀਕ ਕਰਨ ਲਈ ਕਿਹਾ ਗਿਆ ਹੈ। ਮਹਿਲਾ ਅਧਿਆਪਕਾ ਕੋਲ ਹੁਣ ਨੌਕਰੀ ਨਹੀਂ ਹੈ, ਕਿਉਂਕਿ ਉਨ੍ਹਾਂ ਨੂੰ ਮੁੰਡਿਆਂ ਨੂੰ ਪੜ੍ਹਾਉਣ ਦੀ ਇਜਾਜ਼ਤ ਨਹੀਂ ਹੈ।