ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ''ਚ ਪੜ੍ਹਾਈ ਕਰਨ ਲਈ ਪਾਕਿਸਤਾਨ ਦੀ ਮਲਾਲਾ ਨੇ ਦਿੱਤੀ ਇੰਟਰਵਿਊ

01/14/2017 11:33:13 AM

ਲੰਡਨ— ਸਭ ਤੋਂ ਛੋਟੀ ਉਮਰ ਵਿਚ ਨੋਬਲ ਪੁਰਸਕਾਰ ਜਿੱਤਣ ਵਾਲੀ ਪਾਕਿਸਤਾਨ ਦੀ ਮਲਾਲਾ ਯੂਸੁਫਜਈ ਨੇ ਬ੍ਰਿਟੇਨ ਦੀ ਸਭ ਤੋਂ ਵੱਡੀ ਆਕਸਫੋਰਡ ਯੂਨੀਵਰਸਿਟੀ ਵਿਚ ਦਾਖਲਾ ਹਾਸਲ ਕਰਨ ਲਈ ਇੰਟਰਵਿਊ ਦਿੱਤੀ ਹੈ। ਉਹ ਇੱਥੇ ਰਾਜਨੀਤੀ, ਦਰਸ਼ਨ ਸਾਸ਼ਤਰ ਅਤੇ ਅਰਥਸਾਸ਼ਤਰ ਦੇ ਵਿਸ਼ਿਆਂ ਵਿਚ ਪੜ੍ਹਾਈ ਕਰਨਾ ਚਾਹੁੰਦੀ ਹੈ। ਮਲਾਲਾ ਨੇ ਕਿਹਾ ਕਿ ਯੂਨੀਵਰਸਿਟੀ ਵਿਚ ਦਾਖਲਾ ਲੈਣ ਲਈ ਇੰਟਰਵਿਊ ਸੌਖੀ ਨਹੀਂ ਸੀ ਅਤੇ ਉਹ ਦੂਜੇ ਵਿਦਿਆਰਥੀਆਂ ਵਾਂਗ ਨਤੀਜੇ ਦਾ ਇੰਤਜ਼ਾਰ ਕਰ ਰਹੀ ਹੈ। 
ਜ਼ਿਕਰਯੋਗ ਹੈ ਕਿ ਅਕਤੂਬਰ, 2012 ਵਿਚ ਪਾਕਿਸਤਾਨ ਦੀ ਸਵਾਤ ਘਾਟੀ ਵਿਚ ਤਾਲਿਬਾਨ ਦੇ ਅੱਤਵਾਦੀਆਂ ਨੇ ਮਲਾਲਾ ਦੇ ਸਿਰ ਵਿਚ ਗੋਲੀ ਮਾਰੀ ਸੀ। ਇਸ ਘਟਨਾ ਤੋਂ ਬਾਅਦ ਉਹ ਅੰਤਰਰਾਸ਼ਟਰੀ ਪੱਧਰ ''ਤੇ ਮਸ਼ਹੂਰ ਹੋ ਗਈ ਸੀ। ਮਲਾਲਾ ਨੇ ਆਪਣੀ ਕਿਤਾਬ ''ਆਈ ਐਮ ਮਲਾਲਾ'' ਵਿਚ ਤਾਲਿਬਾਨ ਦੇ ਅਧੀਨ ਪਾਕਿਸਤਾਨ ਦੀ ਸਵਾਤ ਘਾਟੀ ਵਿਚ ਆਪਣੇ ਕੌੜੇ ਅਨੁਭਵਾਂ ਬਾਰੇ ਲਿਖਿਆ ਹੈ। ਉਸ ਨੇ ਇੱਥੇ ਅੱਤਵਾਦੀਆਂ ਤੋਂ ਬਿਨਾਂ ਡਰੇ ਕੁੜੀਆਂ ਦੀ ਪੜ੍ਹਾਈ ਲਈ ਮੁਹਿੰਮ ਚਲਾਈ ਸੀ। ਫਿਲਹਾਲ ਮਲਾਲਾ ਆਪਣੇ ਪਿਤਾ ਜਿਆਉਦੀਨ ਯੂਸੁਫਜਈ ਅਤੇ ਮਾਂ ਤੂਰ ਪੇਕਈ ਦੇ ਨਾਲ ਬਰਮਿੰਘਮ ਵਿਚ ਰਹਿ ਰਹੀ ਹੈ।

 


Kulvinder Mahi

News Editor

Related News