ਕੋਲੈਸਟ੍ਰੋਲ ਦੇ ਘੱਟ ਪੱਧਰ ਨਾਲ ਬ੍ਰੇਨ ਹੈਮਰੇਜ ਦਾ ਖਤਰਾ

Tuesday, Jan 28, 2020 - 09:05 PM (IST)

ਕੋਲੈਸਟ੍ਰੋਲ ਦੇ ਘੱਟ ਪੱਧਰ ਨਾਲ ਬ੍ਰੇਨ ਹੈਮਰੇਜ ਦਾ ਖਤਰਾ

ਲੰਡਨ (ਏਜੰਸੀਆਂ)– ਹੁਣ ਤੱਕ ਤਾਂ ਇਹੀ ਕਿਹਾ ਜਾਂਦਾ ਰਿਹਾ ਹੈ ਕਿ ਕੋਲੈਸਟ੍ਰੋਲ ਦਾ ਪੱਧਰ ਘੱਟ ਰੱਖਣਾ ਚਾਹੀਦਾ ਹੈ ਨਹੀਂ ਤਾਂ ਦਿਲ ਸਬੰਧੀ ਬੀਮਾਰੀਆਂ ਲੱਗ ਸਕਦੀਆਂ ਹਨ। ਯਾਨੀ ਕੋਲੈਸਟ੍ਰੋਲ ਦੇ ਘੱਟ ਪੱਧਰ ਦਾ ਸਿੱਧਾ ਸਬੰਧ ਦਿਲ ਦੀ ਸਿਹਤ ਨਾਲ ਹੁੰਦਾ ਹੈ ਪਰ ਇਕ ਨਵੀਂ ਖੋਜ ਦੇ ਮੁਤਾਬਿਕ ਜੇਕਰ ਕੋਲੈਸਟ੍ਰੋਲ ਦਾ ਪੱਧਰ ਜ਼ਿਆਦਾ ਹੇਠਾਂ ਚਲਾ ਜਾਂਦਾ ਹੈ ਤਾਂ ਇਸ ਨਾਲ ਹੈਮਰੇਜਿਕ ਸਟ੍ਰੋਕ ਯਾਨੀ ਦਿਮਾਗ ਵਿਚ ਖੂਨ ਰਿਸਾਅ ਦਾ ਖਤਰਾ ਵੱਧ ਜਾਂਦਾ ਹੈ।

ਅਮਰੀਕਾ ਵਿਚ ਜ਼ਿਆਦਾਤਰ ਲੋਕਾਂ ਦੀ ਮੌਤ ਦਾ ਕਾਰਣ ਦਿਲ ਸਬੰਧੀ ਬੀਮਾਰੀਆਂ
ਇਸ ਖੋਜ ਮੁਤਾਬਿਕ ਕੋਲੈਸਟ੍ਰੋਲ ਦੇ ਜ਼ਿਆਦਾ ਘੱਟ ਪੱਧਰ ਨਾਲ ਹੈਮਰੇਜਿਕ ਸਟ੍ਰੋਕ ਦਾ ਖਤਰਾ 169 ਫੀਸਦੀ ਵੱਧ ਹੁੰਦਾ ਹੈ। ਅਮਰੀਕਾ ਵਿਚ ਜ਼ਿਆਦਾਤਰ ਮੌਤਾਂ ਦਾ ਮੁੱਖ ਕਾਰਣ ਦਿਲ ਸਬੰਧੀ ਬੀਮਾਰੀਆਂ ਹਨ। ਸਿਰਫ ਅਮਰੀਕਾ ਹੀ ਨਹੀਂ, ਭਾਰਤ ਵਿਚ ਵੀ ਦਿਲ ਦੇ ਮਰੀਜ਼ਾਂ ਦੀ ਗਿਣਤੀ ਘੱਟ ਨਹੀਂ ਹੈ। ਹਰ ਸਾਲ ਕਈ ਲੋਕਾਂ ਦੀ ਦਿਲ ਦੀਆਂ ਬੀਮਾਰੀਆਂ ਕਾਰਣ ਮੌਤ ਹੋ ਜਾਂਦੀ ਹੈ।

ਖੋਜ ਦੇ ਨਤੀਜੇ ਦਿਲ ਸਬੰਧੀ ਬੀਮਾਰੀਆਂ ਨਾਲ ਨਜਿੱਠਣ ਵਿਚ ਸਹਾਇਕ
ਇਸ ਖੋਜ ਵਿਚ 96,043 ਅਜਿਹੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਹਨਾਂ ਨੂੰ ਨਾ ਤਾਂ ਕੋਈ ਹਾਰਟ ਅਟੈਕ ਹੋਇਆ ਅਤੇ ਨਾ ਹੀ ਸਟ੍ਰੋਕ ਜਾਂ ਫਿਰ ਕੈਂਸਰ। ਖੋਜ ਦੇ ਸ਼ੁਰੂ ਹੋਣ ਤੋਂ ਪਹਿਲਾਂ ਸ਼ਾਮਲ ਲੋਕਾਂ ਦੇ ਐੱਲ.ਡੀ.ਐੱਲ. ਕੋਲੈਸਟ੍ਰੋਲ ਦੇ ਪੱਧਰ ਨੂੰ ਮਾਪ ਲਿਆ ਗਿਆ ਸੀ। ਇਸ ਤੋਂ ਬਾਅਦ 9 ਸਾਲ ਤੱਕ ਸਾਲਾਨਾ ਤੌਰ ’ਤੇ ਸਾਰੇ ਲੋਕਾਂ ਦੇ ਕੋਲੈਸਟ੍ਰੋਲ ਨੂੰ ਮਾਪਿਆ ਗਿਆ। ਖੋਜਕਾਰਾਂ ਮੁਤਾਬਕ ਇਸ ਖੋਜ ਦੇ ਨਤੀਜਿਆਂ ਨਾਲ ਕੋਲੈਸਟ੍ਰੋਲ, ਦਿਲ ਸਬੰਧੀ ਬੀਮਾਰੀਆਂ ਅਤੇ ਬ੍ਰੇਨ ਹੈਮਰੇਜ ਦੇ ਮਾਮਲਿਆਂ ਨਾਲ ਨਜਿੱਠਣ ਵਿਚ ਕਾਫੀ ਮਦਦ ਮਿਲ ਸਕਦੀ ਹੈ।

ਦਿਮਾਗ ਵਿਚ ਨਹੀਂ ਪਹੁੰਚਦਾ ਖੂਨ
ਹੈਮਰੇਜਿਕ ਸਟ੍ਰੋਕ ਇਕ ਅਜਿਹੀ ਸਥਿਤੀ ਹੈ, ਜਿਸ ਵਿਚ ਦਿਮਾਗ ਤੱਕ ਭਰਪੂਰ ਮਾਤਰਾ ਵਿਚ ਖੂਨ ਨਹੀਂ ਪਹੁੰਚਦਾ। ਇਸ ਕਾਰਣ ਦਿਮਾਗ ਦੀਆਂ ਕੋਸ਼ਿਕਾਵਾਂ ਵਿਚ ਆਕਸੀਜਨ ਵੀ ਨਹੀਂ ਪਹੁੰਚਦੀ ਅਤੇ ਦਿਮਾਗ ਹਮੇਸ਼ਾ ਲਈ ਨੁਕਸਾਨਿਆ ਜਾ ਸਕਦਾ ਹੈ। ਇਹ ਹੈਮਰੇਜ ਉਦੋਂ ਹੁੰਦਾ ਹੈ ਜਦੋਂ ਦਿਮਾਗ ਵਿਚ ਕੋਈ ਖੂਨ ਦੀ ਨਾੜੀ ਫਟ ਜਾਂਦੀ ਹੈ।

ਵੱਧ ਪਾਇਆ ਗਿਆ ਖਤਰਾ
ਖੋਜ ਵਿਚ ਸਾਹਮਣੇ ਆਇਆ ਕਿ 70 ਮਿਲੀਗ੍ਰਾਮ ਪ੍ਰਤੀ ਡੀ.ਐੱਲ. ਤੋਂ ਹੇਠਾਂ ਐੱਲ.ਡੀ.ਐੱਲ. ਜਾਂ ਬੈਡ ਕੋਲੈਸਟ੍ਰੋਲ ਵਾਲੇ ਲੋਕਾਂ ਵਿਚ ਉਹਨਾਂ ਲੋਕਾਂ ਦੇ ਮੁਕਾਬਲੇ ਹੈਮਰੇਜਿਕ ਸਟ੍ਰੋਕ ਦਾ ਖਤਰਾ ਵੱਧ ਪਾਇਆ ਗਿਆ, ਜਿਹਨਾਂ ਦਾ ਬੈਡ ਕੋਲੈਸਟ੍ਰੋਲ ਲੈਵਲ 100 ਮਿਲੀਗ੍ਰਾਮ ਪ੍ਰਤੀ ਡੀ.ਐੱਲ. ਤੋਂ ਵੱਧ ਸੀ।

ਹੇਠਲਾ ਪੱਧਰ ਹੋ ਸਕਦਾ ਹੈ ਜ਼ਿਆਦਾ ਖਤਰਨਾਕ
ਜਿਹਨਾਂ ਲੋਕਾਂ ਦੇ ਐੱਲ.ਡੀ.ਐੱਲ. ਕੋਲੈਸਟ੍ਰੋਲ ਦਾ ਪੱਧਰ 70 ਤੋਂ 99 ਮਿਲੀਗ੍ਰਾਮ ਪ੍ਰਤੀ ਡੀ.ਐੱਲ. ਸੀ, ਉਹਨਾਂ ਵਿਚ ਹੈਮਰੇਜ ਹੋਣ ਦਾ ਖਤਰਾ ਵੱਧ ਸੀ ਪਰ ਜਦੋਂ ਇਹੀ ਪੱਧਰ 70 ਮਿਲੀਗ੍ਰਾਮ ਪ੍ਰਤੀ ਡੀ.ਐੱਲ. ਤੋਂ ਹੇਠਾਂ ਚਲਾ ਗਿਆ ਤਾਂ ਇਹ ਖਤਰਾ ਹੋਰ ਵੀ ਵੱਧ ਗਿਆ।


author

Baljit Singh

Content Editor

Related News