155 ਵਰਗ ਕਿਲੋਮੀਟਰ ਇਲਾਕੇ ’ਚ ਫੈਲੀ ਲਾਸ ਏਂਜਲਸ ਦੀ ਅੱਗ, 12,000 ਇਮਾਰਤਾਂ ਸੁਆਹ
Thursday, Jan 16, 2025 - 12:07 PM (IST)
ਲਾਸ ਏਂਜਲਸ (ਏਜੰਸੀ)- ਹਵਾ ਦੀ ਰਫ਼ਤਾਰ ਘੱਟ ਹੋਣ ਨਾਲ ਲਾਸ ਏਂਜਲਸ ’ਚ ਲੱਗੀ ਅੱਗ ’ਤੇ ਕਾਬੂ ਪਾਉਣ ’ਚ ਲੱਗੇ ਫਾਇਰ ਫਾਈਟਰਾਂ ਨੂੰ ਕੁਝ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਰਾਸ਼ਟਰੀ ਮੌਸਮ ਸੇਵਾ ਨੇ ਅੱਗ ਨਾਲ ਸਬੰਧਤ ਮੌਸਮ ਦੀ ਚਿਤਾਵਨੀ ਨੂੰ ਅਗਲੀ ਸਵੇਰ ਤੱਕ ਵਾਪਸ ਲੈ ਲਿਆ। ਮੌਸਮ ਦੀ ਭਵਿੱਖਬਾਣੀ ਕਰਨ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਸ਼ਾਮ ਨੂੰ ਹਵਾ ਖ਼ਤਰੇ ਦੇ ਪੱਧਰ ਤੋਂ ਹੇਠਾਂ ਸੀ ਪਰ ਰਾਤ ਭਰ ਇਸ ਦੇ ਤੇਜ਼ ਹੋਣ ਨਾਲ ਅੱਗ ਹੋਰ ਵਧਣ ਦੀ ਉਮੀਦ ਹੈ। ਬੁੱਧਵਾਰ ਦੁਪਹਿਰ ਤੱਕ ਕੇਂਦਰੀ ਕੈਲੀਫੋਰਨੀਆ ਤੋਂ ਲੈ ਕੇ ਮੈਕਸੀਕੋ ਦੀ ਸਰਹੱਦ ਤੱਕ ਉੱਚ ਪੱਧਰੀ ਚਿਤਾਵਨੀਆਂ ਲਾਗੂ ਰਹੀਆਂ। ਮੰਗਲਵਾਰ ਨੂੰ ਹਵਾਵਾਂ ਤੇਜ਼ ਚੱਲੀਆਂ ਪਰ ਭਵਿੱਖਬਾਣੀ ਅਨੁਸਾਰ ਹਵਾਵਾਂ ਤੂਫਾਨ ਦੇ ਪੱਧਰ ਤੱਕ ਨਹੀਂ ਪਹੁੰਚ ਸਕੀਆਂ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਖ਼ਤਰਾ ਅਜੇ ਟਲਿਆ ਨਹੀਂ ਹੈ। ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਹੁਣ ਤੱਕ ਇਲਾਕੇ ਵਿਚ 25 ਲੋਕਾਂ ਦੀ ਮੌਤ ਹੋ ਚੁੱਕੀ ਹੈ।
155 ਵਰਗ ਕਿਲੋਮੀਟਰ ਦੇ ਇਲਾਕੇ ’ਚ ਫੈਲੀ ਅੱਗ ਕਾਰਨ ਲਾਸ ਏਂਜਲਸ ’ਚ 12,000 ਇਮਾਰਤਾਂ ਸੜ ਕੇ ਸੁਆਹ ਹੋ ਗਈਆਂ ਹਨ। ਲੱਗਭਗ 90,000 ਘਰਾਂ ’ਚ ਬਿਜਲੀ ਨਹੀਂ ਹੈ ਕਿਉਂਕਿ ਬਿਜਲੀ ਕੰਪਨੀਆਂ ਨੇ ਅੱਗ ਲੱਗਣ ਦੇ ਡਰੋਂ ਬਿਜਲੀ ਸਪਲਾਈ ਬੰਦ ਕਰ ਦਿੱਤੀ ਹੈ। ਇਸ ਦੌਰਾਨ ਪੁਲਸ ਨੇ ਲੁੱਟ-ਖੋਹ, ਅੱਗ ਨਾਲ ਪ੍ਰਭਾਵਿਤ ਇਲਾਕਿਆਂ ’ਚ ਡ੍ਰੋਨ ਉਡਾਉਣ, ਕਰਫਿਊ ਦੀ ਉਲੰਘਣਾ ਕਰਨ ਤੇ ਹੋਰ ਅਪਰਾਧਾਂ ਲਈ ਲੱਗਭਗ 50 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਇਸ ਤੋਂ ਇਲਾਵਾ 3 ਲੋਕਾਂ ਨੂੰ ਅੱਗਜ਼ਨੀ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਵੱਡੀ ਸਫਲਤਾ: ਅਮਰੀਕਾ ਨੇ ਭਾਭਾ ਸਮੇਤ 3 ਪ੍ਰਮਾਣੂ ਸੰਸਥਾਵਾਂ ਤੋਂ ਹਟਾਈਆਂ ਪਾਬੰਦੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8