ਹੰਸਲੋ ਦੇ ਤਰਲੋਚਨ ਵਰਾਹ ਨੂੰ ਜਾਅਲੀ ਢੰਗ ਨਾਲ ਚੈਰਿਟੀ ਫੰਡ ਇਕੱਠਾ ਕਰਨ ਦੇ ਦੋਸ਼ 'ਚ ਜੇਲ

08/28/2019 3:01:26 PM

ਲੰਡਨ (ਮਨਦੀਪ ਖੁਰਮੀ)- ਸਿਆਣਿਆਂ ਦਾ ਕਥਨ ਹੈ ਕਿ ਚੋਰ ਨੂੰ ਖਾਂਦੇ ਨੂੰ ਨਾ ਦੇਖੀਏ, ਚੋਰ ਦੇ ਛਿਤਰੌਲ ਫਿਰਦਾ ਦੇਖੀਏ। ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਵਰਗਲਾ ਕੇ ਚਲਾਕ ਲੋਕ ਸੇਵਾ ਦੇ ਨਾਂਅ 'ਤੇ ਆਪਣਾ ਤੋਰੀ ਫੁਲਕਾ ਚਲਾਉਂਦੇ ਰਹਿੰਦੇ ਹਨ ਪਰ ਇੱਕ ਦਿਨ ਅਜਿਹਾ ਵੀ ਆਉਂਦਾ ਹੈ ਜਦੋਂ ਝੂਠ ਦਾ ਭਾਂਡਾ ਫੁੱਟ ਜਾਂਦਾ ਹੈ। ਅਜਿਹਾ ਹੀ ਭਾਣਾ ਕੈਂਬਰਿੱਜ ਰੋਡ ਹੰਸਲੋ ਦੇ ਵਸਨੀਕ 47 ਸਾਲਾ ਤਰਲੋਚਨ ਸਿੰਘ ਵਰਾਹ ਨਾਲ ਵਾਪਰਿਆ ਹੈ ਜਿਸਨੂੰ ਅਕਸਬ੍ਰਿਜ ਮੈਜਿਸਟਰੇਟ ਕੋਰਟ ਵੱਲੋਂ ਬੱਚਿਆਂ ਦੀ ਚੈਰਿਟੀ ਦੇ ਨਾਂਅ ਹੇਠ ਜਾਅਲੀ ਢੰਗ ਨਾਲ ਪੌਂਡ ਇਕੱਠੇ ਕਰਨ ਦੇ ਦੋਸ਼ 'ਚ 26 ਹਫ਼ਤਿਆਂ ਦੀ ਸਜ਼ਾ ਸੁਣਾਈ ਹੈ।

ਗੁਪਤ ਸੂਚਨਾ ਮਿਲਣ 'ਤੇ ਸੰਬੰਧਤ ਵਿਭਾਗ ਦੇ ਅਫ਼ਸਰਾਂ ਵੱਲੋਂ ਤਰਲੋਚਨ ਸਿੰਘ ਵਰਾਹ ਦਾ 22 ਜੂਨ 2019 ਨੂੰ ਹੰਸਲੋ ਦੇ ਇਲਾਕੇ 'ਚ ਪਿੱਛਾ ਕੀਤਾ ਗਿਆ ਸੀ। ਜਿਸ ਰਾਹੀਂ ਇਹ ਗੱਲ ਸਾਹਮਣੇ ਆਈ ਸੀ ਕਿ ਤਰਲੋਚਨ ਸਿੰਘ ਨੇ ਹੰਸਲੋ ਦੇ ਵੱਖ-ਵੱਖ ਲੋਕਾਂ ਤੋਂ ਚੈਰਿਟੀ ਵਾਲੇ ਡੱਬੇ ਅਤੇ ਮਾਇਆ ਇਕੱਠੀ ਕੀਤੀ ਸੀ।  ਇਸ ਉਪਰੰਤ ਤਰਲੋਚਨ ਸਿੰਘ ਨੂੰ ਜਾਲਸਾਜ਼ੀ ਦੇ ਮਾਮਲੇ 'ਚ ਸ਼ੱਕ ਦੇ ਆਧਾਰ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅਧਿਕਾਰੀਆਂ ਵੱਲੋਂ ਸੰਬੰਧਤ ਚੈਰਿਟੀ ਸੰਸਥਾ ਨਾਲ ਸੰਪਰਕ ਕੀਤਾ ਤਾਂ ਉਹਨਾਂ ਸਪੱਸ਼ਟ ਕੀਤਾ ਕਿ ਤਰਲੋਚਨ ਸਿੰਘ ਉਹਨਾਂ ਦੀ ਸੰਸਥਾ ਵੱਲੋਂ ਚੈਰਿਟੀ ਵਾਲਾ ਧਨ ਇਕੱਠਾ ਕਰਨ ਲਈ ਅਧਿਕਾਰਤ ਨਹੀਂ ਹੈ ਅਤੇ ਨਾ ਹੀ ਉਹਨਾਂ ਦੀ ਸੰਸਥਾ ਵੱਲੋਂ ਘਰ-ਘਰ ਜਾ ਕੇ ਇਸ ਤਰ੍ਹਾਂ ਚੈਰਿਟੀ ਇਕੱਠੀ ਕੀਤੀ ਜਾਂਦੀ ਹੈ। ਦੋ ਦੋਸ਼ਾਂ ਤਹਿਤ ਤਰਲੋਚਨ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਹ ਦੋਸ਼ੀ ਸਾਬਿਤ ਹੋਇਆ। 


Vandana

Content Editor

Related News