ਲੰਡਨ ਦੇ ਮੇਅਰ ਸਾਦਿਕ ਖਾਨ ਨੇ ਟਰੰਪ ਨੂੰ ਦੱਸਿਆ 11 ਸਾਲਾ ਬੱਚਾ
Wednesday, Jun 05, 2019 - 06:40 PM (IST)
ਲੰਡਨ— ਲੰਡਨ ਦੇ ਮੇਅਰ ਸਾਦਿਕ ਖਾਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਵਿਵਾਦ ਵਧਦਾ ਜਾ ਰਿਹਾ ਹੈ। ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਖਾਨ ਨੂੰ ਇਕ ਹਾਰਿਆ ਤੇ ਥਕਿਆ ਹੋਇਆ ਵਿਅਕਤੀ ਕਿਹਾ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਖਾਨ ਨੇ ਇਸ ਦਾ ਜਵਾਬ ਦਿੱਤਾ ਅਤੇ ਕਿਹਾ ਕਿ ਅਜਿਹੇ ਵਿਵਹਾਰ ਦੀ ਉਮੀਦ ਉਹ ਇਕ 11 ਸਾਲ ਦੇ ਬੱਚੇ ਤੋਂ ਹੀ ਕਰ ਸਕਦੇ ਹਨ। ਖਾਨ ਨੇ ਕਿਹਾ ਕਿ ਉਹ ਟਰੰਪ ਦੀਆਂ ਟਿਪੱਣੀਆਂ ਤੋਂ ਨਾ ਪ੍ਰੇਸ਼ਾਨ ਹੋਏ ਹਨ ਅਤੇ ਨਾ ਹੀ ਉਨ੍ਹਾਂ ਨੂੰ ਇਸ ਗੱਲ ਦਾ ਬੁਰਾ ਲੱਗਾ ਹੈ ਪਰ ਅਮਰੀਕਾ ਨੂੰ ਆਪਣੇ ਵਤੀਰੇ 'ਚ ਸੁਧਾਰ ਲਿਆਉਣ ਦੀ ਲੋੜ ਹੈ।
ਮੈਂ ਨਹੀਂ ਕਰ ਸਕਦਾ ਅਜਿਹਾ ਵਿਵਹਾਰ
ਖਾਨ ਨੇ ਕਿਹਾ ਕਿ ਉਹ ਟਰੰਪ ਵਾਂਗ ਵਿਵਹਾਰ ਨਹੀਂ ਕਰ ਸਕਦੇ ਹਨ। ਜਿਸ ਤਰ੍ਹਾਂ ਉਨ੍ਹਾਂ ਨੇ ਟਵੀਟ ਕੀਤੇ ਉਹ ਕਾਫੀ ਹਾਸੋਹੀਣੀ ਸੀ। ਜ਼ਿਕਰਯੋਗ ਹੈ ਕਿ ਆਪਣੀ ਤਿੰਨ ਦਿਨ ਦੀ ਬ੍ਰਿਟੇਨ ਯਾਤਰਾ ਦੌਰਾਨ ਸੋਮਵਾਰ ਨੂੰ ਉਥੇ ਪਹੁੰਚਦੇ ਹੀ ਟਰੰਪ ਨੇ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ ਅਤੇ ਖਾਨ ਨੂੰ ਹਾਰਿਆ ਤੇ ਥਕਿਆ ਵਿਅਕਤੀ ਦੱਸਿਆ ਸੀ। ਉਨ੍ਹਾਂ ਲਿਖਿਆ ਸੀ ਕਿ ਮੇਅਰ ਨੂੰ ਮੇਰੇ 'ਤੇ ਧਿਆਨ ਦੀ ਥਾਂ ਲੰਡਨ 'ਚ ਵਧ ਰਹੇ ਕ੍ਰਾਈਮ 'ਤੇ ਧਿਆਨ ਦੇਣਾ ਚਾਹੀਦਾ ਹੈ।
ਹੋਇਆ ਸੀ ਟਰੰਪ ਦਾ ਵਿਰੋਧ
ਅਮਰੀਕੀ ਰਾਸ਼ਟਰਪਤੀ ਦੇ ਬ੍ਰਿਟੇਨ ਦੌਰੇ ਦਾ ਕਾਫੀ ਵਿਰੋਧ ਹੋਇਆ ਸੀ। ਲੋਕਾਂ ਨੇ ਸੜਕਾਂ 'ਤੇ ਇਸ ਦੌਰਾਨ ਟਰੰਪ ਵਿਰੋਧੀ ਨਾਅਰੇ ਲਗਾਏ ਅਤੇ ਪ੍ਰਦਰਸ਼ਨ ਵੀ ਕੀਤੇ। ਪ੍ਰਦਰਸ਼ਨਕਾਰੀਆਂ ਦਾ ਸਾਥ ਦਿੰਦੇ ਹੋਏ ਖਾਨ ਨੇ ਕਿਹਾ ਸੀ ਕਿ ਲੋਕਾਂ ਦਾ ਵਿਰੋਧ ਜਾਇਜ਼ ਹੈ ਜਦੋਂ ਤਕ ਦੀ ਪ੍ਰਦਰਸ਼ਨ ਸ਼ਾਂਤੀਪੂਰਣ ਤਰੀਕੇ ਨਾਲ ਹੋਵੇ। ਹਾਲਾਂਕਿ ਟਰੰਪ ਦਾ ਕਵੀਨ ਐਲੀਜ਼ਾਬੇਥ ਦੂਜੀ ਨੇ ਸਵਾਗਤ ਵੀ ਕੀਤਾ ਸੀ ਤੇ ਇਸ ਦੌਰਾਨ ਉਨ੍ਹਾਂ ਨੇ ਗਾਰਡ ਆਫ ਆਨਰ ਵੀ ਦਿੱਤਾ ਗਿਆ ਸੀ। ਨਾਲ ਹੀ ਟਰੰਪ ਨੂੰ ਬਕਿੰਘਮ ਪੈਲੇਸ 'ਚ ਮਹਿਮਾਨਾਂ ਦੇ ਤੌਰ 'ਤੇ ਸੱਦਾ ਦਿੱਤਾ ਗਿਆ ਸੀ।