ਦਾਦਾਭਾਈ ਨੌਰੋਜੀ ਦੇ ਲੰਡਨ ਸਥਿਤ ਘਰ ਨੂੰ ਮਿਲਿਆ 'ਬਲਿਊ ਪਲੈਕ' ਸਨਮਾਨ

Thursday, Aug 11, 2022 - 04:27 PM (IST)

ਲੰਡਨ (ਏਜੰਸੀ)- ਭਾਰਤੀ ਸੁਤੰਤਰਤਾ ਸੰਗਰਾਮ ਦੇ ਉੱਘੇ ਮੈਂਬਰ ਰਹੇ ਅਤੇ ਬ੍ਰਿਟੇਨ ਦੇ ਪਹਿਲੇ ਭਾਰਤੀ ਸੰਸਦ ਮੈਂਬਰ ਦਾਦਾਭਾਈ ਨੌਰੋਜੀ ਦੱਖਣੀ ਲੰਡਨ ਦੇ ਜਿਸ ਘਰ ਵਿਚ ਕਰੀਬ 8 ਸਾਲਾਂ ਤੱਕ ਰਹੇ, ਉਨ੍ਹਾਂ ਨੂੰ 'ਬਲਿਊ ਪਲੈਕ' ਯਾਨੀ ਨੀਲੀ ਤਖ਼ਤੀ ਨਾਲ ਸਨਮਾਨਿਤ ਕੀਤਾ ਗਿਆ ਹੈ। 'ਇੰਗਲਿਸ਼ ਹੈਰੀਟੇਜ' ਚੈਰਿਟੀ ਦੀ ਯੋਜਨਾ 'ਬਲਿਊ ਪਲੈਕ' ਲੰਡਨ ਦੀ ਇਤਿਹਾਸਕ ਮਹੱਤਵ ਦੀਆਂ ਇਮਾਰਤਾਂ ਨੂੰ ਦਿੱਤਾ ਜਾਣ ਵਾਲਾ ਇਕ ਸਨਮਾਨ ਹੈ। ਨੌਰੋਜੀ ਨੂੰ ਇਹ ਸਨਮਾਨ ਬੁੱਧਵਾਰ ਨੂੰ ਦਿੱਤਾ ਗਿਆ ਅਤੇ ਇਹ ਅਜਿਹੇ ਸਮੇਂ ਵਿਚ ਦਿੱਤਾ ਗਿਆ ਹੈ, ਜਦੋਂ ਭਾਰਤ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਨੌਰੋਜੀ 19ਵੀਂ ਸਦੀ ਦੇ ਅੰਤ ਵਿਚ ਕਰੀਬ 8 ਸਾਲਾਂ ਤੱਕ ਲੰਡਨ ਸਥਿਤ ਇਸ ਘਰ ਵਿਚ ਰਹੇ ਸਨ। 

ਇਹ ਵੀ ਪੜ੍ਹੋ: ਟਾਪਲੈੱਸ ਹੋ ਕੇ ਡਾਂਸ ਕਰਨਾ ਮਾਡਲ ਨੂੰ ਪਿਆ ਮਹਿੰਗਾ, ਪੁਲਸ ਨੇ ਲਗਾਇਆ ਭਾਰੀ ਜੁਰਮਾਨਾ

'ਭਾਰਤੀ ਰਾਜਨੀਤੀ ਦੇ ਪਿਤਾਮਾਹ' (ਗ੍ਰੈਂਡ ਓਲਡ ਮੈਨ ਆਫ ਇੰਡੀਆ) ਵਜੋਂ ਜਾਣੇ ਜਾਂਦੇ ਨੌਰੋਜੀ ਅਜਿਹੇ ਸਮੇਂ ਵਿਚ ਵਾਸ਼ਿੰਗਟਨ ਹਾਊਸ, 72 ਐਨਰਲੇ ਪਾਰਕ, ਪੇਂਗੇ, ਬ੍ਰੋਮਲੀ ਰਹਿਣ ਗਏ ਸਨ, ਜਦੋਂ ਉਹ ਵਿਚਾਰਕ ਤੌਰ 'ਤੇ 1897 ਵਿਚ ਭਾਰਤ ਦੀ ਪੂਰਨ ਆਜ਼ਾਦੀ ਦੇ ਸਮਰਥਕ ਬਣ ਰਹੇ ਸਨ। ਲਾਲ ਰੰਗ ਦੀਆਂ ਇੱਟਾਂ ਨਾਲ ਬਣੇ ਇਸ ਘਰ ਦੇ ਬਾਹਰ ਹੁਣ ਇਕ ਤਖ਼ਤੀ ਲੱਗੀ ਹੋਈ ਹੈ, ਜਿਸ 'ਤੇ ਲਿਖਿਆ ਹੈ, 'ਦਾਦਾਭਾਈ ਨੌਰੋਜੀ 1825-1917 ਭਾਰਤੀ ਰਾਸ਼ਟਰਵਾਦੀ ਅਤੇ ਸੰਸਦ ਮੈਂਬਰ ਇੱਥੇ ਰਹਿੰਦੇ ਸਨ।' ਇੰਗਲਿਸ਼ ਹੈਰੀਟੇਜ ਨੇ ਇਕ ਬਿਆਨ 'ਚ ਕਿਹਾ, 'ਨੌਰੋਜੀ 7 ਬਾਰ ਇੰਗਲੈਂਡ ਗਏ ਅਤੇ ਲੰਡਨ ਵਿਚ ਆਪਣੀ ਜ਼ਿੰਦਗੀ ਦੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਬਿਤਾਇਆ। ਅਗਸਤ 1897 ਵਿਚ ਉਹ ਵਾਸ਼ਿੰਗਟਨ ਹਾਊਸ ਗਏ। ਇੱਥੇ ਉਨ੍ਹਾਂ ਨੇ ਆਪਣਾ ਜ਼ਿਆਦਾਤਰ ਸਮਾਂ ਵੈਲਬੀ ਕਮਿਸ਼ਨ ਦੇ ਮੈਂਬਰ ਵਜੋਂ ਕੰਮ ਕਰਦਿਆਂ ਬਿਤਾਇਆ।

ਇਹ ਵੀ ਪੜ੍ਹੋ: ਅਮਰੀਕਾ ਦੇ ਇੰਡੀਆਨਾ 'ਚ ਜ਼ਬਰਦਸਤ ਧਮਾਕਾ, 3 ਲੋਕਾਂ ਦੀ ਮੌਤ

ਇਸ ਕਮਿਸ਼ਨ ਨੂੰ ਬ੍ਰਿਟਿਸ਼ ਸਰਕਾਰ ਨੇ ਭਾਰਤ ਵਿੱਚ ਫਜ਼ੂਲ ਖਰਚੀ ਦੀ ਜਾਂਚ ਲਈ ਗਠਿਤ ਕੀਤਾ ਸੀ। ਇਥੇ ਰਹਿੰਦੇ ਹੋਏ ਪਵਰਟੀ ਐਂਡ ਅਨ-ਬ੍ਰਿਟਿਸ਼ ਰੂਲ ਇਨ ਇੰਡੀਆ' (1901) ਦੇ ਸਿਰਲੇਖ ਨਾਲ ਉਨ੍ਹਾਂ ਦੀ ਥਿਊਰੀ ਪ੍ਰਕਾਸ਼ਿਤ ਹੋਈ ਸੀ।' ਦਸਤਾਵੇਜ਼ਾਂ ਮੁਤਾਬਕ ਵਾਸ਼ਿੰਗਟਨ ਹਾਊਸ ਲੰਡਨ ਵਿਚ ਭਾਰਤੀ ਭਾਈਚਾਰੇ ਲਈ ਇਕ ਮਹੱਤਵਪੂਰਨ ਕੇਂਦਰ ਸੀ, ਜਿੱਥੇ ਬਹੁਤ ਸਾਰੇ ਭਾਰਤੀਆਂ ਨੂੰ ਸੱਦਾ ਦਿੱਤਾ ਜਾਂਦਾ ਸੀ। ਇੰਗਲਿਸ਼ ਹੈਰੀਟੇਜ ਨੇ ਕਿਹਾ, 'ਨੌਰੋਜੀ ਨੇ 1904 ਜਾਂ 1905 'ਚ ਇਸ ਘਰ ਨੂੰ ਛੱਡਿਆ ਸੀ। ਇਸ ਦੇ ਨਾਲ ਹੀ ਇਹ ਲੰਡਨ ਵਿੱਚ ਉਨ੍ਹਾਂ ਦਾ ਅਜਿਹਾ ਘਰ ਬਣ ਗਿਆ, ਜਿੱਥੇ ਉਹ ਸਭ ਤੋਂ ਲੰਬੇ ਸਮੇਂ ਤੱਕ ਰਹੇ।' ਮੁੰਬਈ ਵਿੱਚ ਇੱਕ ਪਾਰਸੀ ਪਰਿਵਾਰ ਵਿੱਚ ਜਨਮੇ ਨੌਰੋਜੀ ਭਾਰਤ ਅਤੇ ਬ੍ਰਿਟੇਨ ਦੋਵਾਂ ਵਿੱਚ ਇੱਕ ਪ੍ਰਭਾਵਸ਼ਾਲੀ ਅਤੇ ਬੁੱਧੀਜੀਵੀ ਨੇਤਾ ਸਨ।

ਇਹ ਵੀ ਪੜ੍ਹੋ: ਨੇਪਾਲ 'ਚ ਭਾਰਤੀ ਸੈਲਾਨੀਆਂ ਦੇ ਦਾਖ਼ਲੇ 'ਤੇ ਪਾਬੰਦੀ, 4 ਨੂੰ ਭੇਜਿਆ ਵਾਪਸ, ਜਾਣੋ ਵਜ੍ਹਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News