ਨਫਰਤ ''ਚ ਇਸ ਤਰ੍ਹਾਂ ਵਿਛੜੇ ਦੋ ਪਿਆਰ ਕਰਨ ਵਾਲੇ ਦਿਲ, ਮੰਗੇਤਰ ਦੀਆਂ ਬਾਹਵਾਂ ''ਚ ਤੋੜਿਆ ਕੁੜੀ ਨੇ ਦਮ

06/05/2017 2:21:44 PM

ਓਟਾਵਾ— ਲੰਡਨ ਬ੍ਰਿਜ 'ਤੇ ਸ਼ਨੀਵਾਰ ਰਾਤ ਨੂੰ ਹੋਏ ਅੱਤਵਾਦੀ ਹਮਲੇ ਨੇ ਕਈ ਘਰ ਉਜਾੜ ਕੇ ਰੱਖ ਦਿੱਤੇ। ਦੱਸ ਦੇਈਏ ਕਿ ਇਸ ਹਮਲੇ ਵਿਚ ਸੱਤ ਲੋਕਾਂ ਦੀ ਮੌਤ ਹੋਈ, ਜਿਨ੍ਹਾਂ ਵਿਚ   ਕੈਨੇਡਾ ਦੀ 30 ਸਾਲਾ ਕੁੜੀ ਕ੍ਰਿਸਟੀਨ ਆਰਚੀਬਾਲਡ ਵੀ ਸ਼ਾਮਲ ਹੈ। ਲੰਡਨ ਬ੍ਰਿਜ 'ਤੇ ਤਿੰਨ ਅੱਤਵਾਦੀਆਂ ਨੇ ਇਕ ਕਾਰ ਨਾਲ ਰਾਹ ਜਾਂਦੇ ਲੋਕਾਂ ਨੂੰ ਟੱਕਰ ਮਾਰਨ ਤੋਂ ਬਾਅਦ ਉਨ੍ਹਾਂ 'ਤੇ ਛੁਰੇ ਨਾਲ ਹਮਲਾ ਕੀਤਾ ਸੀ। ਕ੍ਰਿਸਟੀਨ ਕਾਰ ਦੀ ਟੱਕਰ ਕਾਰਨ ਜ਼ਖਮੀ ਹੋਈ ਸੀ ਅਤੇ ਉੱਥੇ ਸੜਕ 'ਤੇ ਹੀ ਉਸ ਨੇ ਆਪਣੇ ਮੰਗੇਤਰ ਦੀਆਂ ਬਾਹਵਾਂ ਦਮ ਤੋੜ ਦਿੱਤਾ ਸੀ।
ਕ੍ਰਿਸਟੀਨ ਦੇ ਮੰਗੇਤਰ ਫਰਗੁਸਨ ਦੇ ਭਰਾ ਨੇ ਕਿਹਾ ਕਿ ਉਸ ਦਾ ਭਰਾ ਇਸ ਘਟਨਾ ਨਾਲ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਫਰਗੁਸਨ ਅਤੇ ਕ੍ਰਿਸਟੀਨ ਦੀ ਮੰਗਣੀ ਹੋ ਚੁੱਕੀ ਸੀ ਅਤੇ ਦੋਵੇਂ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ। ਕ੍ਰਿਸਟੀਨ ਨੇ ਜ਼ਿੱਦ ਕੀਤੀ ਕਿ ਉਹ ਪੈਦਲ ਜਾਵੇਗੀ ਅਤੇ ਹਮੇਸ਼ਾ ਵਾਂਗ ਫਰਗੁਸਨ ਉਸ ਦੇ ਨਾਲ ਸੀ। ਉਹ ਕ੍ਰਿਸਟੀਨ ਤੋਂ ਥੋੜ੍ਹਾ ਅੱਗੇ ਚੱਲ ਰਿਹਾ ਸੀ। ਇਹ ਉਹੀ ਪਲ ਸੀ ਜਦੋਂ ਨਫਰਤ 'ਚ ਅੰਨ੍ਹੇ ਅੱਤਵਾਦੀਆਂ ਨੇ ਉਸ 'ਤੇ ਕਾਰ ਚੜ੍ਹਾ ਦਿੱਤੀ। ਕ੍ਰਿਸਟੀਨ ਦੀ ਚੀਕ ਸੁਣ ਪਿੱਛੇ ਮੁੜੇ ਫਰਗੁਸਨ ਨੇ ਜਾ ਕੇ ਉਸ ਨੂੰ ਸਹਾਰਾ ਦਿੱਤਾ। ਉਸ ਨੂੰ ਸੀ. ਪੀ. ਆਰ. ਦਿੱਤੀ ਪਰ ਕ੍ਰਿਸਟੀਨ ਨੇ ਉਸ ਦੀਆਂ ਬਾਹਾਂ ਵਿਚ ਹੀ ਦਮ ਤੋੜ ਦਿੱਤਾ। ਉਸ ਦੇ ਸਾਹਮਣੇ ਉਸ ਦੀ ਦੁਨੀਆ ਉੱਜੜ ਗਈ ਅਤੇ ਉਹ ਦੇਖਦਾ ਰਹਿ ਗਿਆ। ਨਫਰਤ ਅੱਗੇ ਇਕ ਵਾਰ ਫਿਰ ਪਿਆਰ ਹਾਰ ਗਿਆ ਪਰ ਅਫਸੋਸ ਇਨ੍ਹਾਂ ਪਿਆਰ ਕਰਨ ਵਾਲਿਆਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ। ਇਹ ਉਸ ਨਫਰਤ ਦੇ ਸ਼ਿਕਾਰ ਹੋਏ, ਜਿਸ ਨਾਲ ਇਨ੍ਹਾਂ ਦਾ ਸ਼ਾਇਦ ਕੁਝ ਵੀ ਲੈਣਾ-ਦੇਣਾ ਨਹੀਂ ਸੀ। 
ਦੂਜੇ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕ੍ਰਿਸਟੀਨ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇਸ ਹਮਲੇ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਦਿਲ ਤੋੜਨ ਵਾਲਾ ਹੈ। 


Kulvinder Mahi

News Editor

Related News