ਲੰਡਨ : ਬਿੱਗ ਬੈਨ ਦੇ ਨਵੀਨੀਕਰਨ ਦੇ ਚਲਦਿਆਂ ਬਦਲਿਆ ਘੜੀ ਦਾ ਰੰਗ

Wednesday, Sep 08, 2021 - 04:00 PM (IST)

ਲੰਡਨ : ਬਿੱਗ ਬੈਨ ਦੇ ਨਵੀਨੀਕਰਨ ਦੇ ਚਲਦਿਆਂ ਬਦਲਿਆ ਘੜੀ ਦਾ ਰੰਗ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਲੰਡਨ ਦੇ ਵਿਸ਼ਵ ਪ੍ਰਸਿੱਧ ਲੈਂਡਮਾਰਕ ਬਿੱਗ ਬੈਨ ਦੇ ਨਵੀਨੀਕਰਨ ਦਾ ਕੰਮ ਖ਼ਤਮ ਹੋਣ ਦੇ ਨੇੜੇ ਹੈ। ਇਸੇ ਕੰਮ ਦੀ ਲੜੀ ਤਹਿਤ ਇਸ ਦੀ ਨਵੀਂ ਘੜੀ ਦਾ ਰੂਪ ਸੋਮਵਾਰ ਨੂੰ ਸਾਹਮਣੇ ਆਇਆ, ਜਿਸ ਦਾ ਰੰਗ ਕਾਲੇ ਤੋਂ ਨੀਲੇ ’ਚ ਤਬਦੀਲ ਕੀਤਾ ਗਿਆ ਹੈ। ਵੈਸਟਮਿੰਸਟਰ ਪੈਲੇਸ ਦੇ ਉੱਤਰੀ ਸਿਰੇ ’ਤੇ ਤਕਰੀਬਨ 320 ਫੁੱਟ ਉੱਚੇ ਇਸ ਟਾਵਰ ਦੀਆਂ ਪੈੜਾਂ ਨੂੰ ਹਟਾਇਆ ਜਾ ਰਿਹਾ ਹੈ। ਇਸ ਟਾਵਰ ਦੇ ਨਵੀਨੀਕਰਨ ਦੀ ਸ਼ੁਰੂਆਤੀ ਲਾਗਤ ਦਾ ਅਨੁਮਾਨ 29 ਮਿਲੀਅਨ ਪੌਂਡ ਲਗਾਇਆ ਗਿਆ ਸੀ ਪਰ ਉਦੋਂ ਤੋਂ ਇਹ ਵਧ ਕੇ 80 ਮਿਲੀਅਨ ਪੌਂਡ ਹੋ ਗਿਆ ਹੈ।

ਵੈਸਟਮਿੰਸਟਰ ਬ੍ਰਿਜ ਤੋਂ ਲੰਘਣ ਵਾਲੇ ਲੋਕ ਹੁਣ ਘੜੀ ਦੇ ਬਦਲੇ ਹੋਏ ਰੰਗ ਨੂੰ ਵੇਖ ਸਕਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰਦੂਸ਼ਣ ਦੇ ਪ੍ਰਭਾਵਾਂ ਨੂੰ ਘਟਾਉਣ ਲਈ 1930 ਦੇ ਦਹਾਕੇ ’ਚ ਰੰਗ ਸਕੀਮ ਦੀ ਚੋਣ ਕੀਤੀ ਗਈ ਸੀ ਪਰ ਸੰਸਦ ਦੇ ਆਰਕੀਟੈਕਟ ਚਾਰਲਸ ਬੈਰੀ ਅਤੇ ਅਗਸਟਸ ਵੈਲਬੀ ਪੁਗਿਨ ਵੱਲੋਂ ਘੜੀ ਨੂੰ ਅਪਡੇਟ ਕੀਤਾ ਗਿਆ ਹੈ। ਮਹਾਮਾਰੀ ਕਾਰਨ ਹੋਈ ਇੱਕ ਸਾਲ ਦੀ ਦੇਰੀ ਕਾਰਨ ਇਸ ਦਾ ਕੰਮ 2022 ’ਚ ਪੂਰਾ ਹੋਣ ਵਾਲਾ ਹੈ ।


author

Manoj

Content Editor

Related News