ਯੂਕੇ: ਪੰਜਾਬੀ ਮੂਲ ਦੇ ਕਾਰੋਬਾਰੀ ''ਤੇ ਲੱਗੇ ਪਤਨੀ ਨੂੰ ਕਤਲ ਕਰਨ ਦੇ ਦੋਸ਼ ਸੰਬੰਧੀ ਸੁਣਵਾਈ ਜਾਰੀ
Thursday, Dec 03, 2020 - 06:01 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਵੁਲਵਰਹੈਮਪਟਨ ਦੇ ਪੰਜਾਬੀ ਕਾਰੋਬਾਰੀ ਗੁਰਪ੍ਰੀਤ ਸਿੰਘ ਤੇ ਉਸਦੀ ਪਤਨੀ ਸਰਬਜੀਤ ਕੌਰ ਨੂੰ 2018 ਵਿੱਚ ਕਤਲ ਕਰਨ ਦੇ ਦੋਸ਼ ਲੱਗੇ ਹਨ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਇਸ ਅਮੀਰ ਕਾਰੋਬਾਰੀ ਨੇ ਆਪਣੀ ਪਤਨੀ ਨੂੰ ਮਿਰਚ ਪਾਊਡਰ ਨਾਲ ਕਥਿਤ ਤੌਰ 'ਤੇ ਅਸਮਰੱਥ ਬਣਾ ਕੇ, ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਫਿਰ ਉਸ ਦੇ ਕਤਲ ਨੂੰ ਲੁਕਾਉਣ ਲਈ ਚੋਰੀ ਦੀ ਝੂਠੀ ਕਹਾਣੀ ਘੜੀ ਸੀ। 45 ਸਾਲਾ ਗੁਰਪ੍ਰੀਤ ਸਿੰਘ ’ਤੇ ਇਲਜ਼ਾਮ ਹੈ ਕਿ ਉਸ ਨੇ ਆਪਣੀ ਦੂਜੀ ਪਤਨੀ ਸਰਬਜੀਤ ਕੌਰ ਨੂੰ 16 ਫਰਵਰੀ, 2018 ਨੂੰ ਆਪਣੀ ਇੱਕ ਅਣਪਛਾਤੀ ਮਹਿਲਾ ਸਾਥੀ ਦੀ ਸਹਾਇਤਾ ਨਾਲ ਮਾਰ ਦਿੱਤਾ ਸੀ। ਸਰਬਜੀਤ ਕੌਰ (38) ਵੁਲਵਰਹੈਮਪਟਨ ਵਿੱਚ ਉਸਦੇ ਘਰ ਦੇ ਅੰਦਰ ਚਿਹਰੇ ਅਤੇ ਸਰੀਰ ਉੱਪਰ ਮਿਰਚ ਪਾਊਡਰ ਸਮੇਤ ਮ੍ਰਿਤਕ ਹਾਲਤ ਵਿੱਚ ਮਿਲੀ ਸੀ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟਿਸ਼-ਭਾਰਤੀ ਲੇਖਿਕਾ ਅਨੀਤਾ ਦੀ ਕਿਤਾਬ ਨੂੰ ਜਲਿਆਂਵਾਲਾ ਬਾਗ ਦੀ ਕਹਾਣੀ ਲਈ ਪੁਰਸਕਾਰ
ਬਰਮਿੰਘਮ ਕ੍ਰਾਊਨ ਕੋਰਟ ਦੀ ਸੁਣਵਾਈ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਪੁਲਸ ਦੁਆਰਾ ਗੁਰਪ੍ਰੀਤ ਸਿੰਘ ਦੇ ਹੱਥਾਂ 'ਤੇ ਖੁਰੋਚਾਂ ਵੀ ਪਾਈਆਂ ਗਈਆਂ ਸਨ ਜਦਕਿ ਕੰਕਰੀਟ ਕੰਪਨੀ ਦੇ ਇਸ ਮਾਲਕ ਨੇ ਇਸ ਕਤਲ ਤੋਂ ਇਨਕਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਦੇ ਸ਼ੁਰੂ ਵਿੱਚ ਗੁਰਪ੍ਰੀਤ ਸਿੰਘ ਨੂੰ ਗਵਾਹ ਮੰਨਿਆ ਗਿਆ ਸੀ ਪਰ ਬਾਅਦ ਵਿੱਚ ਉਸ ਦੁਆਰਾ ਘਰ ਵਿੱਚ ਇਕੱਲੇ ਹੋਣ ਬਾਰੇ ਝੂਠ ਬੋਲਣ ਤੇ ਉਹ ਸ਼ੱਕ ਦੇ ਦਾਇਰੇ ਵਿੱਚ ਆ ਗਿਆ ਸੀ ਕਿਉਂਕਿ ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਵਿੱਚ ਇੱਕ ਅਣਪਛਾਤੀ ਬੀਬੀ ਨੂੰ ਕਤਲ ਦੇ ਸਮੇਂ ਦੌਰਾਨ ਸਵੇਰੇ 8.15 ਵਜੇ ਘਰ ਵਿੱਚ ਜਾਂਦੇ ਹੋਏ ਵੇਖਿਆ ਜੋ ਕਿ ਸਵੇਰੇ 9.07 ਵਜੇ ਤੱਕ ਘਰ ਤੋਂ ਬਾਹਰ ਨਹੀਂ ਨਿੱਕਲੀ ਸੀ।ਇਸ ਕਤਲ ਵਿੱਚ ਇਹਨਾਂ ਤੋਂ ਇਲਾਵਾ ਕਿਸੇ ਹੋਰ ਦੇ ਸ਼ਾਮਲ ਹੋਣ ਦਾ ਸਬੂਤ ਨਹੀਂ ਹੈ, ਫਿਲਹਾਲ ਇਸ ਕਤਲ ਦੇ ਮੁਕੱਦਮੇ ਸੰਬੰਧੀ ਸੁਣਵਾਈ ਅਜੇ ਜਾਰੀ ਹੈ।
ਨੋਟ- ਪੰਜਾਬੀ ਮੂਲ ਦੇ ਕਾਰੋਬਾਰੀ 'ਤੇ ਲੱਗੇ ਪਤਨੀ ਨੂੰ ਕਤਲ ਕਰਨ ਦੇ ਦੋਸ਼ ਸੰਬੰਧੀ ਦੱਸੋ ਆਪਣੀ ਰਾਏ।