ਲੰਡਨ ''ਚ ਕੋਰੋਨਾ ਮਰੀਜ਼ਾਂ ਨੂੰ ਕੀਤਾ ਜਾ ਰਿਹੈ ਮੀਲਾਂ ਦੂਰ ਹੋਰ ਹਸਪਤਾਲਾਂ ''ਚ ਤਬਦੀਲ

Friday, Jan 15, 2021 - 03:07 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਰਾਜਧਾਨੀ ਲੰਡਨ ਵਿੱਚ ਕੋਰੋਨਾ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨਾਲ ਹਸਪਤਾਲਾਂ ਵਿੱਚ ਵੱਡੇ ਪੱਧਰ 'ਤੇ ਸਿਹਤ ਸਹੂਲਤਾਂ ਦੀ ਘਾਟ ਪੈਦਾ ਹੋ ਰਹੀ ਹੈ। ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਦੇਖਭਾਲ ਕਰਨ ਲਈ ਹੋਰ ਸਹੂਲਤਾਂ ਦੇ ਨਾਲ ਇੰਟੈਂਸਿਵ ਕੇਅਰ ਯੂਨਿਟਾਂ ਦੀ ਘਾਟ ਪੈਦਾ ਹੋ ਰਹੀ ਹੈ। ਇਸ ਸਥਿਤੀ ਦਾ ਸਾਹਮਣਾ ਕਰਨ ਲਈ ਗੰਭੀਰ ਰੂਪ ਨਾਲ ਬਿਮਾਰ ਕੋਵਿਡ ਮਰੀਜ਼ਾਂ ਨੂੰ ਲੰਡਨ ਦੇ ਹਸਪਤਾਲਾਂ ਤੋਂ ਲੱਗਭਗ 300 ਮੀਲ ਦੀ ਦੂਰੀ 'ਤੇ ਨਿਊਕੈਸਲ ਵਿੱਚ ਆਈ.ਸੀ.ਯੂ. ਇਕਾਈਆਂ ਵਿੱਚ ਦੇਖਭਾਲ ਲਈ ਤਬਦੀਲ ਕੀਤਾ ਜਾ ਰਿਹਾ ਹੈ। 

ਇਸ ਦੇ ਇਲਾਵਾ ਲੰਡਨ ਵਿੱਚ ਸਮੱਸਿਆ ਦਾ ਸਾਹਮਣਾ ਕਰ ਰਹੇ ਹਸਪਤਾਲਾਂ ਵਿੱਚੋਂ ਪਿਛਲੇ ਦਿਨੀ ਕਈ ਮਰੀਜ਼ਾਂ ਨੂੰ 67 ਮੀਲ ਦੂਰ ਨੌਰਥੈਮਪਟਨ, 125 ਮੀਲ ਬਰਮਿੰਘਮ ਅਤੇ 167 ਮੀਲ ਸ਼ੈਫਫੀਲਡ ਵਿੱਚ ਵੀ ਲਿਜਾਇਆ ਗਿਆ ਹੈ। ਇਸ ਦੇ ਨਾਲ ਹੀ ਐਨ.ਐਚ.ਐਸ. ਇੰਗਲੈਂਡ ਨੇ ਇਸ ਦੇ ਉੱਤਰ, ਮਿਡਲੈਂਡਜ਼ ਅਤੇ ਹੋਰ ਇਲਾਕਿਆਂ ਦੇ ਹਸਪਤਾਲਾਂ ਨੂੰ ਲੰਡਨ, ਦੱਖਣ-ਪੂਰਬ ਅਤੇ ਪੂਰਬ ਤੋਂ ਮਰੀਜ਼ਾਂ ਨੂੰ ਤਬਦੀਲ ਕਰਨ ਲਈ ਸੈਂਕੜੇ ਵਾਧੂ ਆਈ.ਸੀ.ਯੂ. ਸਹੂਲਤਾਂ ਨੂੰ ਖੋਲ੍ਹਣ ਲਈ ਕਿਹਾ ਹੈ।ਇਸ ਸਮੇਂ ਯੂਕੇ ਦੇ ਸਾਰੇ ਹਸਪਤਾਲ ਕੋਰੋਨਾ ਨਾਲ ਪੀੜਤ ਤਕਰੀਬਨ 36,489 ਮਰੀਜ਼ਾਂ ਦੀ ਦੇਖਭਾਲ ਕਰਨ ਲਈ ਜੂਝ ਰਹੇ ਹਨ ਅਤੇ ਇਸ ਗਿਣਤੀ ਵਿੱਚ ਸੱਤ ਦਿਨਾਂ ਦੌਰਾਨ 5,872 ਮਰੀਜਾਂ ਦਾ ਵਾਧਾ ਹੋਇਆ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਇਟਲੀ 'ਚ ਮੌਤਾਂ ਦਾ ਅੰਕੜਾ 80,000 ਤੋਂ ਪਾਰ, ਸਰਕਾਰ ਨੇ 30 ਅਪ੍ਰੈਲ ਤੱਕ ਵਧਾਈ ਐਮਰਜੈਂਸੀ

ਲੰਡਨ ਵਿੱਚ ਹਸਪਤਾਲ ਐਸੋਸੀਏਸ਼ਨ ਦੀ ਪ੍ਰਧਾਨ ਡਾਕਟਰ ਕਲਾਉਡੀਆ ਪਾਓਲੋਨੀ ਅਨੁਸਾਰ ਮਰੀਜ਼ਾਂ ਨੂੰ ਲੰਬੀ ਦੂਰੀ ਦੇ ਹਸਪਤਾਲਾਂ ਵਿੱਚ ਤਬਦੀਲ ਕਰਨਾ, ਉਹਨਾਂ ਨੂੰ ਜੋਖਮ ਵਿੱਚ ਪਾਉਂਦਾ ਹੈ ਪਰ ਇਸ ਸਮੇਂ ਹਸਪਤਾਲ ਸਹੂਲਤਾਂ, ਜਗ੍ਹਾ ਅਤੇ ਸਟਾਫ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਹਸਪਤਾਲ ਪਹਿਲਾਂ ਹੀ ਗੰਭੀਰ ਦੇਖਭਾਲ ਟੀਮਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ ਜਦਕਿ ਨਰਸਾਂ ਇੱਕ ਸਮੇਂ ਇੱਕ ਮਰੀਜ਼ ਦੀ ਬਜਾਏ ਤਿੰਨ ਜਾਂ ਚਾਰ ਗੰਭੀਰ ਬਿਮਾਰ ਮਰੀਜ਼ਾਂ ਦੀ ਦੇਖਭਾਲ ਕਰ ਰਹੀਆਂ ਹਨ। ਇਸ ਸੰਕਟ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੂੰ ਗੰਭੀਰ ਮਰੀਜ਼ਾਂ ਨੂੰ ਸੈਂਕੜੇ ਮੀਲ ਦੂਰ ਤਬਦੀਲ ਕਰਨ ਦਾ ਅਸਧਾਰਨ ਕਦਮ ਚੁੱਕਣਾ ਪਿਆ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News