ਬ੍ਰਿਟੇਨ ''ਚ ਮ੍ਰਿਤਕ ਮਿਲੇ 39 ਪ੍ਰਵਾਸੀਆਂ ਦੀ ਪਛਾਣ ਬਾਰੇ ਨਵਾਂ ਖੁਲਾਸਾ

Saturday, Nov 02, 2019 - 09:36 AM (IST)

ਬ੍ਰਿਟੇਨ ''ਚ ਮ੍ਰਿਤਕ ਮਿਲੇ 39 ਪ੍ਰਵਾਸੀਆਂ ਦੀ ਪਛਾਣ ਬਾਰੇ ਨਵਾਂ ਖੁਲਾਸਾ

ਲੰਡਨ (ਭਾਸ਼ਾ): ਲੰਡਨ ਨੇੜੇ ਇਕ ਲਾਰੀ ਕੰਟੇਨਰ ਵਿਚ ਜਿਹੜੇ 39 ਪ੍ਰਵਾਸੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ ਹੁਣ ਉਨ੍ਹਾਂ ਦੇ ਵੀਅਤਨਾਮੀ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ। ਪੁਲਸ ਨੇ ਪਹਿਲਾਂ ਇਨ੍ਹਾਂ ਪੀੜਤਾਂ ਦੇ ਚੀਨੀ ਨਾਗਰਿਕ ਹੋਣ ਦੀ ਗੱਲ ਕਹੀ ਸੀ। ਇਹ ਕੰਟਨੇਰ ਵਾਟਰਗਲਾਡ ਇੰਡਸਟਰੀਅਲ ਪਾਰਕ ਵਿਚ ਮੌਜੂਦ ਸੀ। ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਫਿਰ ਜਾਂਚ ਵਿਚ ਮਦਦ ਕਰਨ ਲਈ ਲੋਕਾਂ ਨੂੰ ਅਪੀਲ ਕੀਤੀ ਹੈ। ਇਹ ਲਾਸ਼ਾਂ ਪਿਛਲੇ ਮਹੀਨੇ ਬਰਾਮਦ ਹੋਈਆਂ ਸਨ। 

ਅਸੈਕਸ ਪੁਲਸ ਦੇ ਪ੍ਰਮੁੱਖ ਟਿਮ ਸਮਿਥ ਨੇ ਇਕ ਬਿਆਨ ਵਿਚ ਕਿਹਾ,''ਹਾਲੇ ਸਾਡਾ ਅਜਿਹਾ ਮੰਨਣਾ ਹੈ ਕਿ ਇਹ ਵੀਅਤਨਾਮ ਦੇ ਨਾਗਰਿਕ ਸਨ ਅਤੇ ਅਸੀਂ ਵੀਅਤਨਾਮ ਸਰਕਾਰ ਨਾਲ ਸੰਪਰਕ ਵਿਚ ਹਾਂ।'' ਉਨ੍ਹਾਂ ਨੇ ਕਿਹਾ,''ਅਸੀਂ ਵੀਅਤਨਾਮ ਅਤੇ ਬ੍ਰਿਟੇਨ ਵਿਚ ਕਈ ਪਰਿਵਾਰਾਂ ਦੇ ਨਾਲ ਸੰਪਰਕ ਵਿਚ ਹਾਂ। ਸਾਡਾ ਮੰਨਣਾ ਹੈ ਕਿ ਅਸੀਂ ਇਸ ਘਟਨਾ ਵਿਚ ਮਾਰੇ ਗਏ ਕਈ ਪੀੜਤਾਂ ਦੇ ਪਰਿਵਾਰਾਂ ਦੀ ਪਛਾਣ ਕਰ ਲਈ ਹੈ।'' ਉਨ੍ਹਾਂ ਨੇ ਕਿਹਾ ਕਿ ਪਰ ਪੀੜਤਾਂ ਦੇ ਨਾਮ ਦੀ ਪੁਸ਼ਟੀ ਲਈ ਲੋੜੀਂਦੇ ਸਬੂਤ ਹਾਲੇ ਤੱਕ ਪ੍ਰਾਪਤ ਨਹੀਂ ਹੋਏ ਹਨ। 

ਪੁਲਸ ਨੇ ਦੱਸਿਆ ਕਿ ਉਹ ਉੱਤਰੀ ਆਇਰਲੈਂਡ ਦੇ ਦੋ ਕਾਰੋਬਾਰੀ ਭਰਾਵਾਂ ਰੋਨਨ ਅਤੇ ਕ੍ਰਿਸਟੋਫਰ ਹਿਊਜੇਸ ਨਾਲ ਵੀ ਇਸ ਸਿਲਸਿਲੇ ਵਿਚ ਗੱਲ ਕਰਨਾ ਚਾਹੁੰਦੇ ਹਨ। ਡਿਟੈਕਟਿਵ ਚੀਫ ਇੰਸਪੈਕਟਰ ਡੈਨ ਸਟੋਟੇਨ ਨੇ ਕਿਹਾ ਕਿ ਰੋਨਨ ਹਿਊਜੇਸ ਨਾਲ ਫੋਨ 'ਤੇ ਗੱਲਬਾਤ ਹੋਈ ਹੈ ਪਰ ਉਨ੍ਹਾਂ ਨਾਲ ਮਿਲ ਕੇ ਪੁੱਛਗਿੱਛ ਕਰਨੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ,''ਜਿੰਨੀ ਜਲਦੀ ਉਨ੍ਹਾਂ ਨਾਲ ਗੱਲ ਹੋਵੇਗੀ ਜਾਂਚ ਵਿਚ ਉਨੀ ਹੀ ਤੇਜ਼ੀ ਆਵੇਗੀ।'' ਪੀੜਤਾਂ ਵਿਚ 8 ਔਰਤਾਂ ਅਤੇ 31 ਪੁਰਸ਼ ਹਨ। ਪੋਸਟਮਾਰਟਮ ਜਾਰੀ ਹੈ ਅਤੇ ਮੌਤ ਦਾ ਕੋਈ ਰਸਮੀ ਕਾਰਨ ਹਾਲੇ ਤੱਕ ਪਤਾ ਨਹੀਂ ਚੱਲ ਪਾਇਆ ਹੈ।


author

Vandana

Content Editor

Related News