ਇਟਲੀ ਦੇ ਸ਼੍ਰੀ ਹਰੀ ਓਮ ਮੰਦਿਰ ਪੈਗੋਨਿਆਗਾ ਮਾਨਤੋਵਾ ਵਿਖੇ ਲੋਹੜੀ ਅਤੇ ਮਕਰ ਸੰਕ੍ਰਾਂਤੀ ਮੌਕੇ ਲੱਗੀਆ ਰੋਣਕਾਂ
Saturday, Jan 15, 2022 - 04:30 PM (IST)
ਰੋਮ (ਕੈਂਥ)- ਇਟਲੀ ਦੇ ਜ਼ਿਲ੍ਹਾ ਮਾਨਤੋਵਾ ਵਿਖੇ ਸਥਿਤ ਸ਼੍ਰੀ ਹਰੀ ਓਮ ਮੰਦਿਰ ਪੈਗੋਨਿਆਗਾ ਵਿਚ ਲੋਹੜੀ ਅਤੇ ਮਕਰ ਸੰਕ੍ਰਾਂਤੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼ਰਧਾਲੂ ਬਹੁਤ ਹੀ ਉਤਸ਼ਾਹ ਨਾਲ ਨਤਮਸਤਕ ਹੋਏ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਜਿੱਥੇ ਮੰਦਿਰ ਵਿਚ ਭਾਰੀ ਰੋਣਕਾਂ ਲੱਗੀਆਂ ਸਨ, ਉਥੇ ਹੀ ਸ਼ਰਧਾਲੂਆਂ ਨੇ ਧਾਰਮਿਕ ਭਜਨਾਂ ਦਾ ਗਾਇਨ ਵੀ ਕੀਤਾ।
ਲੋਹੜੀ ਮੌਕੇ ਮੰਦਿਰ ਦੇ ਵਿਹੜੇ ਵਿਚ ਅੱਗ ਦੀ ਧੂਣੀ ਬਾਲ ਕੇ ਉਸ ਵਿਚ ਤਿਲ, ਰਿਉੜੀਆਂ ਅਤੇ ਮੂੰਗਫ਼ਲੀ ਪਾਈਆਂ ਗਈਆਂ ਅਤੇ ਪ੍ਰਮਾਤਮਾ ਕੋਲੋਂ ਸ਼ਰਧਾਲੂਆਂ ਦੀ ਤੰਦਰੁਸਤੀ ਦੀ ਕਾਮਨਾ ਕੀਤੀ ਗਈ। ਇਸ ਮੌਕੇ ਮੰਦਿਰ ਦੇ ਪ੍ਰਧਾਨ ਸ਼੍ਰੀ ਹਰਮੇਸ਼ ਲਾਲ ਅਤੇ ਪੰਡਤ ਪੁਨੀਤ ਸ਼ਰਮਾ ਵੱਲੋਂ ਸਾਰੀਆਂ ਸੰਗਤਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਗਿਆ ਅਤੇ ਜਿਨ੍ਹਾਂ ਸੇਵਾਦਾਰਾਂ ਵਲੋਂ ਇਸ ਮੌਕੇ ਸੇਵਾਵਾਂ ਕੀਤੀਆਂ ਗਈਆਂ ਸਨ, ਉਨ੍ਹਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।