ਈਰਾਨ ''ਚ ਰਮਜ਼ਾਨ ਦੌਰਾਨ ਲਾਕਡਾਊਨ ''ਚ ਦਿੱਤੀ ਗਈ ਢਿੱਲ

Sunday, May 03, 2020 - 08:36 PM (IST)

ਈਰਾਨ ''ਚ ਰਮਜ਼ਾਨ ਦੌਰਾਨ ਲਾਕਡਾਊਨ ''ਚ ਦਿੱਤੀ ਗਈ ਢਿੱਲ

ਤਹਿਰਾਨ- ਕੋਰੋਨਾ ਵਾਇਰਸ ਮਹਾਮਾਰੀ ਨਾਲ ਗੰਭੀਰ ਰੂਪ ਨਾਲ ਪ੍ਰਭਾਵਿਤ ਖਾੜੀ ਦੇਸ਼ ਈਰਾਨ ਵਿਚ ਘੱਟ ਜੋਖਿਮ ਵਾਲੇ ਸ਼ਹਿਰਾਂ ਤੇ ਕਸਬਿਆਂ ਵਿਚ ਰਮਜ਼ਾਨ ਦੌਰਾਨ ਲਾਕਡਾਊਨ ਵਿਚ ਢਿੱਲ ਦਿੰਦੇ ਹੋਏ ਮਸਜਿਦਾਂ ਨੂੰ ਮੁੜ ਖੋਲ੍ਹਣ ਤੇ ਜੁੰਮੇ ਦੀ ਨਮਾਜ਼ ਅਦਾ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਰਾਸ਼ਟਰਪਤੀ ਹਸਨ ਰੁਹਾਨੀ ਨੇ ਐਤਵਾਰ ਨੂੰ ਇਸ ਬਾਰੇ ਐਲਾਨ ਕੀਤਾ ਹੈ। ਉਹਨਾਂ ਨੇ ਕੋਵਿਡ-19 ਪ੍ਰਤੀਕਿਰਿਆ ਕੇਂਦਰ ਦੀ ਬੈਠਕ ਦੌਰਾਨ ਕਿਹਾ ਕਿ ਅੱਜ ਅਸੀਂ ਤੈਅ ਕੀਤਾ ਹੈ ਕਿ ਵਾਈਟ ਸ਼੍ਰੇਣੀ ਨਾਲ ਸਬੰਧਤ 132 ਸ਼ਹਿਰਾਂ ਤੇ ਕਸਬਿਆਂ ਵਿਚ, ਜਿਥੇ ਹਾਲਾਤ ਘੱਟ ਖਤਰਨਾਕ ਹਨ, ਉਥੇ ਕੱਲ ਤੋਂ ਮਸਜਿਦਾਂ ਖੁੱਲ੍ਹਣਗੀਆਂ ਤੇ ਮੈਡੀਕਲ ਨਿਯਮਾਂ ਦੇ ਪਾਲਣ ਦੇ ਨਾਲ ਜੁੰਮੇ ਦੀ ਨਮਾਜ਼ ਅਦਾ ਕੀਤੀ ਜਾਵੇਗੀ। ਦੇਸ਼ ਵਿਚ ਕੋਰੋਨਾ ਨਾਲ ਪ੍ਰਭਾਵਿਤ ਇਲਾਕਿਆਂ ਨੂੰ ਤਿੰਨ ਜ਼ੋਨ ਰੈੱਡ, ਯੈਲੋ ਤੇ ਵਾਈਟ ਜ਼ੋਨ ਵਿਚ ਵੰਡਿਆ ਗਿਆ ਹੈ। ਲਾਕਡਾਊਨ ਵਿਚ ਦਿੱਤੀ ਜਾਣ ਵਾਲੀ ਢਿੱਲ ਸਿਰਫ ਵਾਈਟ ਜ਼ੋਨ ਵਿਚ ਆਉਣ ਵਾਲੇ ਸ਼ਹਿਰਾਂ ਤੇ ਕਸਬਿਆਂ ਨੂੰ ਦਿੱਤੀ ਜਾਵੇਗੀ। ਈਰਾਨੀ ਟੈਲੀਵਿਜ਼ਨ ਵਲੋਂ ਪ੍ਰਸਾਰਿਤ ਇਸ ਬੈਠਕ ਵਿਚ ਸ਼੍ਰੀ ਰੁਹਾਨੀ ਨੇ ਘੱਟ ਜੋਖਿਮ ਵਾਲੇ ਸ਼ਹਿਰਾਂ ਵਿਚ 9 ਜਾਂ 16 ਮਈ ਤੋਂ ਸਾਰੇ ਸਿੱਖਿਅਕ ਸੰਸਥਾਨਾਂ ਨੂੰ ਦੁਬਾਰਾ ਖੋਲ੍ਹਣ ਦੀ ਸੰਭਾਵਨਾ ਵਿਅਕਤ ਕੀਤੀ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਵਾਈਟ ਜ਼ੋਨ ਵਿਚ ਲੋਕਾਂ ਦੇ ਇਕੱਠੇ ਹੋਣ ਵਾਲੀਆਂ ਕਾਰੋਬਾਰੀ ਗਤੀਵਿਧੀਆਂ ਮਈ ਤੋਂ ਸ਼ੁਰੂ ਹੋ ਜਾਣਗੀਆਂ।

ਬੀਤੇ 11 ਅਪ੍ਰੈਲ ਨੂੰ ਦੇਸ਼ ਦੇ ਵਧੇਰੇ ਸੂਬਿਆਂ ਵਿਚ ਕੋਰੋਨਾ ਵਾਇਰਸ ਨਾਲ ਘੱਟ ਜੋਖਿਮ ਵਾਲੇ ਇਲਾਕਿਆਂ ਵਿਚ ਕਾਰੋਬਾਰ ਤੇ ਦੁਕਾਨਾਂ ਖੁੱਲ੍ਹ ਗਈਆਂ ਸਨ। ਇਸ ਤੋਂ ਠੀਕ ਇਕ ਹਫਤੇ ਬਾਅਦ ਰਾਜਧਾਨੀ ਤਹਿਰਾਨ ਵਿਚ ਮਹਾਮਾਰੀ ਦੇ ਕਾਰਣ ਬੰਦ ਦੁਕਾਨਾਂ ਖੁੱਲ੍ਹਣੀਆਂ ਸ਼ੁਰੂ ਹੋਈਆਂ। ਇਸ ਤੋਂ ਬਾਅਦ 20 ਅਪ੍ਰੈਲ ਤੋਂ ਕੋਰੋਨਾ ਕਾਰਣ ਮੱਧਮ ਦਰਜੇ ਦੇ ਜੋਖਿਮ ਵਾਲੇ ਇਲਾਕਿਆਂ ਵਿਚ ਕਾਰੋਬਾਰ ਤੇ ਦੁਕਾਨਾਂ ਖੁੱਲ੍ਹਣ ਲੱਗੀਆਂ। ਜ਼ਿਕਰਯੋਗ ਹੈ ਕਿ ਈਰਾਨ ਵਿਚ ਕੋਰੋਨਾ ਵਾਇਰਸ ਦੇ 976 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਐਤਵਾਰ ਨੂੰ ਪੀੜਤਾਂ ਦੀ ਗਿਣਤੀ ਵਧ ਕੇ 97,424 ਹੋ ਗਈ ਤੇ ਇਸ ਦੌਰਾਨ 47 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 6,203 ਹੋ ਗਈ ਹੈ। ਬੀਤੀ 9 ਮਾਰਚ ਤੋਂ ਬਾਅਦ ਦੇਸ਼ ਵਿਚ ਇਹ ਸਭ ਤੋਂ ਘੱਟ ਮੌਤਾਂ ਹਨ।


author

Baljit Singh

Content Editor

Related News