ਫਰਿਜਨੋ ਦੇ ਡੁਲਿੱਟ ਟਰਮੀਨਲ ਤੋਂ ਪੰਜਾਬੀਆਂ ਦੇ ਚੋਰੀ ਹੋਏ ਤਿੰਨ ਲੋਡ, ਚੋਰੀ ਕਰਨ ਵਾਲੇ ਵੀ ਪੰਜਾਬੀ
Thursday, Nov 14, 2024 - 11:20 AM (IST)
ਫਰਿਜਨੋ (ਕੈਲੀਫੋਰੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ)- ਫਰਿਜਨੋ ਸ਼ਹਿਰ ਨੂੰ ਟਰੱਕਿੰਗ ਦੀ ਹੱਬ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇੱਥੇ ਬਹੁਤ ਸਾਰੀਆਂ ਪੰਜਾਬੀ ਟਰੱਕਿੰਗ ਕੰਪਨੀਆਂ ਆਪਣੇ ਬਿਜ਼ਨੈੱਸ ਚਲਾ ਰਹੀਆਂ ਹਨ। ਇਨ੍ਹਾਂ ਕੰਪਨੀਆਂ ਦੇ ਟਰੱਕ ਡਰਾਈਵਰ ਵੀ ਜ਼ਿਆਦਾਤਰ ਪੰਜਾਬੀ ਜਾਂ ਹਰਿਆਣਵੀ ਹੀ ਹਨ। ਪਿਛਲੇ ਲੰਮੇ ਸਮੇਂ ਤੋਂ ਫਰਿਜਨੋ ਏਰੀਏ ਤੋਂ ਲੋਡ ਚੋਰੀ ਹੋਣ ਦੀਆਂ ਖ਼ਬਰਾਂ ਸੁਰਖੀਆਂ ਬਣ ਰਹੀਆਂ ਹਨ। ਕੁਝ ਦਿਨ ਪਹਿਲਾਂ ਫਰਿਜਨੋ ਦੇ ਡੁਲਿੱਟ ਟਰੱਕ ਟਰਮੀਨਲ ਤੋਂ ਫ਼ਤਿਹ ਕੈਰੀਅਰ ਦੇ ਇੱਕੋ ਰਾਤ ਵਿੱਚ ਤਿੰਨ ਮਹਿੰਗੇ ਲੋਡ ਚੋਰੀ ਹੋ ਗਏ। ਇਹ ਯਾਰਡ 2778 S willow Ave Fresno ਵਿਖੇ ਸਥਿਤ ਹੈ, ਇੱਥੇ ਤਕਰੀਬਨ 100 ਟਰੱਕਾਂ ਦੀ ਪਾਰਕਿੰਗ ਬਣੀ ਹੋਈ ਹੈ।
ਇਨ੍ਹਾਂ ਵਿੱਚੋਂ 25 ਟਰੱਕਾਂ ਦੀ ਪਾਰਕਿੰਗ ਫ਼ਤਿਹ ਕੈਰੀਅਰ ਵੱਲੋਂ ਕਿਰਾਏ 'ਤੇ ਲਈ ਗਈ ਹੈ। ਫ਼ਤਿਹ ਕੈਰੀਅਰ ਦਾ ਪਹਿਲਾ ਲੋਡ 13 ਅਕਤੂਬਰ ਨੂੰ ਚੋਰੀ ਹੋਇਆ ਸੀ, ਉਸ ਉਪਰੰਤ ਇਨ੍ਹਾਂ ਨੇ ਦੋ ਸਕਿਉਰਟੀ ਗਾਰਡ ਹਾਇਰ ਕੀਤੇ, ਕੈਮਰੇ ਵਗੈਰਾ ਲੱਗੇ ਹੋਏ ਹਨ। ਗੇਟ ਅੰਦਰ ਵੜਨ ਲਈ ਗੇਟ ਕੋਡ ਵਰਤਣੇ ਪੈਂਦੇ ਹਨ। ਲੰਘੇ ਹਫ਼ਤੇ ਇਸੇ ਯਾਰਡ ਵਿੱਚ 25 ਤੋਂ 30 ਸਾਲ ਦੇ ਤਿੰਨ ਸ਼ੱਕੀ ਪੰਜਾਬੀ ਮੁੰਡੇ ਕਾਲੇ ਪਿੱਕਅੱਪ ਅਤੇ ਨੀਲੇ ਰੰਗ ਦੇ ਬਾਬਟੇਲ ਟਰੱਕ ਨਾਲ ਯਾਰਡ ਵਿੱਚ ਵੇਖੇ ਗਏ। ਜਦੋਂ ਇਨ੍ਹਾਂ ਨਾਲ ਗੱਲਬਾਤ ਕੀਤੀ ਗਈ ‘ਤਾਂ ਇਨ੍ਹਾਂ ਨੇ ਦੱਸਿਆ ਕਿ ਅਸੀਂ ਵੀ ਇੱਥੇ ਪਾਰਕਿੰਗ ਕਿਰਾਏ 'ਤੇ ਲਈ ਹੋਈ ਹੈ। ਉਪਰੰਤ ਯਾਰਡ ਦੇ ਮਾਲਕ ਅਵਤਾਰ ਸਿੰਘ ਨੇ ਇਸ ਗੱਲ ਨੂੰ ਤਸਦੀਕ ਵੀ ਕੀਤਾ।
ਵੀਰਵਾਰ ਰਾਤ ਨੂੰ ਫੇਰ ਇਹ ਬੰਦੇ ਦੋ ਹੋਰ ਟਰੱਕਾਂ ਨਾਲ ਯਾਰਡ ਵਿੱਚ ਪਹੁੰਚੇ ਅਤੇ ਫ਼ਤਿਹ ਕੈਰੀਅਰ ਦੇ ਤਿੰਨ ਲੋਡਡ ਟ੍ਰੇਲਰ ਹੁੱਕ ਕਰਕੇ ਸ਼ਰੇਆਮ ਕੋਡ ਨੇਪਕੇ ਯਾਰਡ ਤੋਂ ਲੋਡਾਂ ਸਮੇਤ ਰਫ਼ੂ ਚੱਕਰ ਹੋ ਗਏ, ‘ਤੇ ਗਾਰਡ ਘੁਰਾੜੇ ਮਾਰਦੇ ਰਹਿ ਗਏ। ਕੁਝ ਦੇਰ ਬਾਅਦ ਇਹ ਫਿਰ ਯਾਰਡ ਵਿੱਚ ਪਰਤੇ ਅਤੇ ਕੁਝ ਹੋਰ ਟ੍ਰੇਲਰਾਂ ਨੂੰ ਹੁੱਕ ਅੱਪ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ। ਕਿਉਂਕਿ ਟ੍ਰੇਲਰਾਂ ਨੂੰ ਕਿੰਗ ਪਿੰਨ ਲਾਕ ਲੱਗੇ ਹੋਏ ਸਨ ਤਾਂ ਖੜਕਾ ਸੁਣਕੇ ਮੈਕਸੀਕਨ ਮੂਲ ਦਾ ਗਾਰਡ ਆਇਆ ਤਾਂ ਇਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਫੇਰ ਸਕਿਉਰਟੀ ਗਾਡਰ ਨੇ ਫ਼ਤਿਹ ਕੈਰੀਅਰ ਦੇ ਮਾਲਕ ਗੁਰਮਨਸ਼ੇਰ ਸਿੰਘ ਨੂੰ ਕਾਲ ਕਰਕੇ ਯਾਰਡ ਵਿੱਚ ਬੁਲਾਇਆ।
ਪੜ੍ਹੋ ਇਹ ਅਹਿਮ ਖ਼ਬਰ-ਐਲੋਨ ਮਸਕ ਨੂੰ ਝਟਕਾ, ਯੂ.ਐਸ ਰਾਸ਼ਟਰਪਤੀ ਚੋਣਾਂ ਤੋਂ ਬਾਅਦ 115,000 ਤੋਂ ਵੱਧ ਯੂਜ਼ਰਸ ਨੇ ਛੱਡਿਆ X
ਉਨ੍ਹਾਂ ਸ਼ੈਰਫ਼ ਡਿਪਾਰਟਮੈਂਟ ਨੂੰ ਕਾਲ ਕਰਕੇ ਸਾਰੀ ਗੱਲ ਦੱਸੀ। ਚੋਰੀ ਹੋਏ ਟ੍ਰੇਲਰਾਂ 'ਤੇ ਜੀ.ਪੀ.ਐਸ ਟ੍ਰੈਕਰ ਲੱਗੇ ਹੋਏ ਸੀ। ਪੁਲਸ ਨੇ ਕਾਰਵਾਈ ਕੀਤੀ ਪਰ ਮਹਿਜ 40 ਮਿੰਟ ਅੰਦਰ ਟ੍ਰੇਲਰਾਂ ਵਿੱਚਲੇ ਲੋਡ ਚੋਰੀ ਹੋ ਚੁੱਕੇ ਸਨ ਤੇ ਪੁਲਸ ਦੇ ਹੱਥ ਸਿਰਫ ਖਾਲੀ ਟ੍ਰੇਲਰ ਹੀ ਲੱਗੇ। ਸੀ.ਸੀ.ਟੀ.ਵੀ ਫੁਟੇਜ਼ ਵਿੱਚ ਇਨ੍ਹਾਂ ਪੰਜਾਬੀ ਚੋਰਾਂ ਦੇ ਚਿਹਰੇ ਸਾਫ਼ ਵਿਖਾਈ ਦੇ ਰਹੇ ਹਨ। ਇਹ ਐਨੇਂ ਬੇਖੌਫ਼ ਪੰਜਾਬੀ ਚੋਰ ਹਨ ਕਿ ਇਨ੍ਹਾੰ ਆਪਣੇ ਚਿਹਰੇ ਵੀ ਨਹੀ ਢਕੇ। ਫ਼ਤਿਹ ਕੈਰੀਅਰ ਵੱਲੋਂ ਚੋਰਾਂ ਦੀ ਜਾਣਕਾਰੀ ਦੇਣ ਵਾਲਿਆਂ ਲਈ 20 ਹਜ਼ਾਰ ਡਾਲਰ ਦਾ ਇਨਾਮ ਵੀ ਰੱਖਿਆ ਗਿਆ ਹੈ। ਕੰਪਨੀ ਦੇ ਮਾਲਕ ਗੁਰਮਨਸ਼ੇਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤਕਰੀਬਨ 7 ਲੱਖ ਡਾਲਰ ਤੋਂ ਉੱਪਰ ਦਾ ਨੁਕਸਾਨ ਇਸ ਚੋਰੀ ਦੌਰਾਨ ਹੋਇਆ। ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਸ਼ਰਾਰਤੀ ਅਨਸਰ ਭਾਈਚਾਰੇ ਦਾ ਨਾਮ ਬਦਨਾਮ ਕਰ ਰਹੇ ਹਨ ਅਤੇ ਸਾਡੇ ਭਾਈਚਾਰੇ ਨੂੰ ਅਜਿਹੇ ਲੋਕਾਂ ਦਾ ਸਮਾਜਿਕ ਬਾਈਕਾਟ ਕਰਨਾ ਚਾਹੀਦਾ ਹੈ। ਨਾਲ ਦੀ ਨਾਲ ਉਨ੍ਹਾਂ ਪ੍ਰਸ਼ਾਸ਼ਨ ਤੋਂ ਇਨ੍ਹਾਂ ਚੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਇਨ੍ਹਾਂ ਚੋਰੀਆਂ ਸਬੰਧੀ ਕਿਸੇ ਨੂੰ ਕੋਈ ਸੁਰਾਗ ਮਿਲਦਾ ਹੈ ਤਾਂ ਕਿਰਪਾ ਕਰਕੇ ਫਰਿਜਨੋ ਪੁਲਸ ਜਾਂ ਸ਼ੈਰਫ ਡਿਪਾਰਟਮੈਂਟ ਨੂੰ ਇਤਲਾਹ ਦਿਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।