ਪਹਿਲਾ ਮਾਮਲਾ : ਚੀਨ ''ਚ ਮੱਛੀ ਦੇ ਪੈਕਟ ਦੇ ਬਾਹਰ ਲੱਗਾ ਮਿਲਿਆ ਜਿਊਂਦਾ ਕੋਰੋਨਾ ਵਾਇਰਸ

10/18/2020 4:57:38 PM

ਬੀਜਿੰਗ- ਚੀਨ ਦੇ ਸਿਹਤ ਪ੍ਰਸ਼ਾਸਨ ਨੇ ਕਿੰਵਗਦਾਓ ਬੰਦਰਗਾਹ ਸ਼ਹਿਰ ਵਿਚ ਆਯਾਤ ਰੈਫ੍ਰਿਜਰੇਟ ਕੀਤੇ ਸਮੁੰਦਰੀ ਮੱਛੀ ਦੇ ਪੈਕਟ ਦੀ ਬਾਹਰਲੀ ਸਤ੍ਹਾ 'ਤੇ ਜਿਊਂਦੇ ਕੋਰੋਨਾ ਵਾਇਰਸ ਮਿਲਣ ਦੀ ਪੁਸ਼ਟੀ ਕੀਤੀ ਹੈ। ਬੀਮਾਰੀ ਕੰਟਰੋਲ ਤੇ ਬਚਾਅ ਵਿਭਾਗ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਦੱਸਿਆ ਕਿ ਦੁਨੀਆ ਵਿਚ ਇਹ ਪਹਿਲਾ ਮੌਕਾ ਹੈ ਜਦ ਰੈਫ੍ਰਿਜਰੇਟ ਕੀਤੇ ਖਾਦ ਪੈਕਟ ਦੇ ਬਾਹਰੀ ਸਤ੍ਹਾ 'ਤੇ ਜਿਊਂਦੇ ਕੋਰੋਨਾ ਵਾਇਰਸ ਮਿਲੇ ਹਨ। 
ਸ਼ਹਿਰ ਵਿਚ ਹਾਲ ਹੀ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਸਮੂਹ ਬਾਰੇ ਪਤਾ ਲੱਗਾ ਹੈ। ਪ੍ਰਸ਼ਾਸਨ ਨੇ ਆਪਣੇ ਸਾਰੇ ਤਕਰੀਬਨ 1.1 ਕਰੋੜ ਨਾਗਰਿਕਾਂ ਦੀ ਜਾਂਚ ਕਰਵਾਈ ਪਰ ਕੋਈ ਅਜਿਹਾ ਸਮੂਹ ਨਹੀਂ ਪਾਇਆ ਗਿਆ। ਜੁਲਾਈ ਵਿਚ ਚੀਨ ਨੇ ਝੀਂਗੇ ਦੇ ਆਯਾਤ 'ਤੇ ਅਸਥਾਈ ਰੋਕ ਲਗਾ ਦਿੱਤੀ ਸੀ ਕਿਉਂਕਿ ਪੈਕਟਾਂ ਅਤੇ ਕੰਟੇਨਰ ਦੇ ਅੰਦਰੂਨੀ ਹਿੱਸਿਆਂ ਵਿਚ ਇਹ ਘਾਤਕ ਵਾਇਰਸ ਮਿਲਿਆ ਸੀ। 

ਸ਼ਿਨੁਹਾ ਨਿਊਜ਼ ਏਜੰਸੀ ਮੁਤਾਬਕ ਸ਼ਹਿਰ ਵਿਚ ਹਾਲ ਵਿਚ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਸਰੋਤਾਂ ਦੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ। ਇਸ ਤੋਂ ਇਹ ਸਾਬਤ ਹੋ ਗਿਆ ਹੈ ਕਿ ਜਿਊਂਦਾ ਕੋਰੋਨਾ ਵਾਇਰਸ ਡੱਬਿਆਂ ਦੇ ਸੰਪਰਕ ਵਿਚ ਆਉਣ ਨਾਲ ਵੀ ਫੈਲ ਸਕਦਾ ਹੈ। ਹਾਲਾਂਕਿ ਬਿਆਨ ਵਿਚ ਇਹ ਨਹੀਂ ਦੱਸਿਆ ਗਿਆ ਕਿ ਇਹ ਪੈਕਟ ਕਿਸ ਦੇਸ਼ ਤੋਂ ਆਏ ਸਨ। 


Lalita Mam

Content Editor

Related News