ਪਾਕਿਸਤਾਨ ਨੇ ਭਾਰਤ ਨੂੰ ਸੌਂਪੀ 261 ਭਾਰਤੀ ਕੈਦੀਆਂ ਦੀ ਸੂਚੀ
Monday, Jul 01, 2019 - 07:50 PM (IST)

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਨੇ ਆਪਣੀਆਂ ਜੇਲਾਂ ਵਿਚ ਬੰਦ 261 ਭਾਰਤੀ ਕੈਦੀਆਂ ਦੀ ਸੂਚੀ ਸੋਮਵਾਰ ਨੂੰ ਇਥੇ ਭਾਰਤੀ ਹਾਈ ਕਮਿਸ਼ਨ ਨੂੰ ਸੌਂਪੀ। ਇਨ੍ਹਾਂ ਕੈਦੀਆਂ ਵਿਚ 52 ਆਮ ਨਾਗਰਿਕ ਅਤੇ 209 ਮਛੇਰੇ ਹਨ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਕਦਮ ਦੋਹਾਂ ਦੇਸ਼ਾਂ ਵਿਚਾਲੇ 21 ਮਈ 2008 ਨੂੰ ਹੋਏ ਸਮਝੌਤੇ ਤਹਿਤ ਚੁੱਕਿਆ ਗਿਆ ਹੈ। ਪਾਕਿਸਤਾਨ ਸਰਕਾਰ ਨੇ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਨੂੰ 261 ਕੈਦੀਆਂ ਦੀ ਸੂਚੀ ਸੌਂਪੀ ਹੈ। ਭਾਰਤ ਸਰਕਾਰ ਨੇ ਵੀ ਆਪਣੀਆਂ ਜੇਲਾਂ ਵਿਚ ਬੰਦ ਪਾਕਿਸਤਾਨੀ ਕੈਦੀਆਂ ਦੀ ਸੂਚੀ ਸਾਂਝੀ ਕੀਤੀ ਹੈ। ਇਹ ਸੂਚੀ ਨਵੀਂ ਦਿੱਲੀ ਵਿਚ ਪਾਕਿਸਤਾਨੀ ਹਾਈ ਕਮਿਸ਼ਨ ਨੂੰ ਸੌਂਪੀ ਗਈ। ਸਮਝੌਤੇ ਤਹਿਤ ਭਾਰਤ ਅਤੇ ਪਾਕਿਸਤਾਨ ਲਈ ਇਹ ਜ਼ਰੂਰੀ ਕੀਤਾ ਗਿਆ ਹੈ ਕਿ ਉਹ ਸਾਲ ਵਿਚ ਦੋ ਵਾਰ ਇਕ ਜਨਵਰੀ ਅਤੇ ਇਕ ਜੁਲਾਈ ਨੂੰ ਕੈਦੀਆਂ ਦੀ ਸੂਚੀ ਦਾ ਲੈਣ-ਦੇਣ ਕਰਨਗੇ।