ਮੈਲਬੌਰਨ ''ਚ ਛੋਟਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 2 ਲੋਕ ਜ਼ਖਮੀ

08/03/2017 12:41:22 PM

ਮੈਲਬੌਰਨ— ਆਸਟਰੇਲੀਆ ਦੇ ਮੈਲਬੌਰਨ 'ਚ ਵੀਰਵਾਰ ਦੀ ਸਵੇਰ ਨੂੰ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਪਾਇਲਟ ਅਤੇ ਜਹਾਜ਼ ਉਡਾਣ ਦੀ ਸਿਖਲਾਈ ਲੈ ਰਿਹਾ ਪਾਇਲਟ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਦੋਹਾਂ ਜ਼ਖਮੀ ਪਾਇਲਟਾਂ ਨੂੰ ਏਅਰ ਐਂਬੂਲੈਂਸ ਜ਼ਰੀਏ ਹਸਪਤਾਲ ਪਹੁੰਚਾਇਆ ਗਿਆ। ਜਹਾਜ਼ ਉੱਤਰੀ ਕਲਾਈਡ 'ਚ ਪਾਊਂਡ ਰੋਡ 'ਤੇ ਸਵੇਰੇ ਤਕਰੀਬਨ 10.30 ਵਜੇ ਹਾਦਸੇ ਦਾ ਸ਼ਿਕਾਰ ਹੋਇਆ। ਜਹਾਜ਼ ਦੇ ਚਾਲਕ ਨੇ ਜਹਾਜ਼ 'ਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਹ ਜਹਾਜ਼ ਦੀ ਲੈਂਡਿੰਗ ਕਰਨ ਲਈ ਸੁਰੱਖਿਅਤ ਥਾਂ ਦੀ ਭਾਲ ਕਰ ਰਿਹਾ ਸੀ ਪਰ ਉਸ ਤੋਂ ਪਹਿਲਾਂ ਹੀ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਨੇ ਮੈਲਬੌਰਨ ਤੋਂ ਉਡਾਣ ਭਰੀ ਸੀ ਅਤੇ ਵਿਕਟੋਰੀਆ ਦੇ ਸ਼ਹਿਰ ਮੋਰਬਿਨ ਜਾ ਰਿਹਾ ਸੀ। 
ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਸ਼ਿਕਾਰ ਹੋਏ ਜਹਾਜ਼ ਦੇ ਪਾਇਲਟ 'ਚੋਂ ਇਕ ਦੀ ਉਮਰ 20 ਸਾਲ ਦੇ ਲੱਗਭਗ ਹੈ, ਉਹ ਜਹਾਜ਼ ਵਿਚ ਫਸ ਗਿਆ, ਜਿਸ ਕਾਰਨ ਉਸ ਦੀ ਗਰਦਨ, ਛਾਤੀ ਅਤੇ ਪਿੱਠ 'ਤੇ ਗੰਭੀਰ ਸੱਟਾਂ ਲੱਗੀਆਂ। ਉਸ ਦੀ ਹਾਲਤ ਗੰਭੀਰ ਪਰ ਸਥਿਰ ਬਣੀ ਹੋਈ ਹੈ। ਪੈਰਾ-ਮੈਡੀਕਲ ਅਧਿਕਾਰੀਆਂ ਨੇ ਉਸ ਨੂੰ ਬਾਹਰ ਕੱਢਿਆ ਅਤੇ ਉਸ ਨੂੰ ਰਾਇਲ ਮੈਲਬੌਰਨ ਹਸਪਤਾਲ ਪਹੁੰਚਾਇਆ ਗਿਆ। ਨਾਗਰਿਕ ਹਵਾਬਾਜ਼ੀ ਸੁਰੱਖਿਆ ਅਥਾਰਿਟੀ ਦੇ ਬੁਲਾਰੇ ਪੀਟਰ ਗੀਬਸਨ ਨੇ ਕਿਹਾ ਕਿ ਇਹ ਜਹਾਜ਼ ਦੋ ਸੀਟਾਂ ਵਾਲਾ ਸੀ ਅਤੇ ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਦੇ ਹਾਸਦੇ ਦੇ ਸ਼ਿਕਾਰ ਹੋਣ ਮਗਰੋਂ ਪੁਲਸ ਅਤੇ ਫਾਇਰ ਫਾਈਟਰਜ਼ ਹਾਦਸੇ ਵਾਲੇ ਥਾਂ 'ਤੇ ਪੁੱਜੇ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।


Related News