ਉਦਘਾਟਨ ਤੋਂ ਕੁਝ ਦੇਰ ਬਾਅਦ ਆਸਟ੍ਰੇਲੀਆ ''ਚ ਮਹਾਤਮਾ ਗਾਂਧੀ ਦੇ ''ਬੁੱਤ'' ਦੀ ਭੰਨ-ਤੋੜ, PM ਮੌਰੀਸਨ ਨੇ ਕੀਤੀ ਨਿੰਦਾ
Monday, Nov 15, 2021 - 06:25 PM (IST)
ਮੈਲਬੌਰਨ (ਭਾਸ਼ਾ)- ਭਾਰਤ ਸਰਕਾਰ ਵੱਲੋਂ ਤੋਹਫੇ ਵਜੋਂ ਦਿੱਤੇ ਮਹਾਤਮਾ ਗਾਂਧੀ ਦੇ ਕਾਂਸੀ ਦੇ 'ਬੁੱਤ' ਦੀ ਆਸਟ੍ਰੇਲੀਆ ਵਿਚ ਭੰਨ-ਤੋੜ ਕੀਤੀ ਗਈ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ 'ਸ਼ਰਮਨਾਕ' ਕਰਾਰ ਦਿੱਤਾ। ਇਸ ਘਟਨਾ ਨੂੰ ਲੈ ਕੇ ਭਾਰਤੀ-ਆਸਟ੍ਰੇਲੀਅਨ ਭਾਈਚਾਰੇ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ।
ਅਖਬਾਰ 'ਦਿ ਏਜ' ਦੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਮੌਰੀਸਨ ਨੇ ਭਾਰਤ ਦੇ 75 ਸਾਲਾਂ ਦੀ ਯਾਦ 'ਚ ਆਯੋਜਿਤ ਇਕ ਸਮਾਗਮ 'ਚ ਭਾਰਤ ਦੇ ਕੌਂਸਲ ਜਨਰਲ ਪ੍ਰਿੰਸ ਅਤੇ ਆਸਟ੍ਰੇਲੀਆ ਦੇ ਨੇਤਾਵਾਂ ਦੇ ਨਾਲ ਰਾਵਿਲਵਿਲੇ ਸਥਿਤ ਆਸਟ੍ਰੇਲੀਅਨ ਇੰਡੀਅਨ ਕਮਿਊਨਿਟੀ ਸੈਂਟਰ 'ਚ ਮੂਰਤੀ ਦਾ ਉਦਘਾਟਨ ਕੀਤਾ ਸੀ ਅਤੇ ਇਹ ਘਟਨਾ ਕੁਝ ਘੰਟਿਆਂ ਬਾਅਦ ਵਾਪਰੀ। ਮੌਰੀਸਨ ਦੇ ਹਵਾਲੇ ਨਾਲ ਐਤਵਾਰ ਨੂੰ ਖ਼ਬਰਾਂ 'ਚ ਕਿਹਾ ਗਿਆ,''ਇਸ ਪੱਧਰ ਦਾ ਨਿਰਾਦਰ ਦੇਖਣਾ ਸ਼ਰਮਨਾਕ ਅਤੇ ਬੇਹੱਦ ਨਿਰਾਸ਼ਾਜਨਕ ਹੈ।'' ਉਨ੍ਹਾਂ ਨੇ ਕਿਹਾ ਕਿ ਇਸ ਦੇਸ਼ 'ਚ ਸੱਭਿਆਚਾਰਕ ਸਮਾਰਕਾਂ 'ਤੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ,“ਜੋ ਵੀ ਇਸ ਲਈ ਜ਼ਿੰਮੇਵਾਰ ਹੈ, ਉਸ ਨੇ ਆਸਟ੍ਰੇਲੀਅਨ ਭਾਰਤੀ ਭਾਈਚਾਰੇ ਦਾ ਬਹੁਤ ਅਪਮਾਨ ਕੀਤਾ ਹੈ ਅਤੇ ਉਸ ਨੂੰ ਸ਼ਰਮ ਆਉਣੀ ਚਾਹੀਦੀ ਹੈ।”
ਇਹ ਬੁੱਤ ਭਾਰਤ ਸਰਕਾਰ ਵੱਲੋਂ ਤੋਹਫ਼ੇ ਵਜੋਂ ਦਿੱਤਾ ਗਿਆ ਸੀ। 'ਏਬੀਸੀ ਨਿਊਜ਼' ਦੀ ਖ਼ਬਰ ਮੁਤਾਬਕ ਵਿਕਟੋਰੀਆ ਪੁਲਸ ਨੇ ਕਿਹਾ ਕਿ ਅਣਪਛਾਤੇ ਅਪਰਾਧੀਆਂ ਨੇ ਸ਼ੁੱਕਰਵਾਰ ਸ਼ਾਮ 5:30 ਵਜੇ ਅਤੇ ਸ਼ਨੀਵਾਰ ਸ਼ਾਮ 5:30 ਵਜੇ ਦੇ ਵਿਚਕਾਰ ਮੂਰਤੀ ਨੂੰ ਕੱਟਣ ਲਈ ਪਾਵਰ ਟੂਲ ਦੀ ਵਰਤੋਂ ਕੀਤੀ। ਪੁਲਸ ਨੇ ਕਿਹਾ ਕਿ ਨੌਕਸ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ ਦੇ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਗਵਾਹਾਂ ਨੂੰ ਅੱਗੇ ਆਉਣ ਅਤੇ ਜਾਣਕਾਰੀ ਦੇਣ ਦੀ ਅਪੀਲ ਕਰ ਰਹੇ ਹਨ। ਸ਼ਹਿਰ ਦੇ ਭਾਰਤੀ ਭਾਈਚਾਰੇ ਨੇ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ 'ਨੀਵੇਂ ਦਰਜੇ ਦੀ ਕਾਰਵਾਈ' ਕਰਾਰ ਦਿੱਤਾ ਹੈ।
ਪੜ੍ਹੋ ਇਹ ਅਹਿਮ ਖਬਰ -ਆਸਟ੍ਰੇਲੀਆਈ ਪ੍ਰਧਾਨ ਮੰਤਰੀ ਮੌਰੀਸਨ ਦੀ ਲੋਕਪ੍ਰਿਯਤਾ 'ਚ ਆਈ ਕਮੀ
ਏਬੀਸੀ ਨਿਊਜ਼ ਨੇ ਆਪਣੀ ਖ਼ਬਰ ਵਿੱਚ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਆਫ ਵਿਕਟੋਰੀਆ ਦੇ ਪ੍ਰਧਾਨ ਸੂਰਿਆ ਪ੍ਰਕਾਸ਼ ਸੋਨੀ ਦੇ ਹਵਾਲੇ ਨਾਲ ਕਿਹਾ,''ਕਮਿਊਨਿਟੀ ਡੂੰਘੇ ਸਦਮੇ ਵਿਚ ਅਤੇ ਦੁਖੀ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਕੋਈ ਅਜਿਹੀ ਘਿਨਾਉਣੀ ਹਰਕਤ ਕਿਉਂ ਕਰੇਗਾ।” ਉਹਨਾਂ ਨੇ ਕਿਹਾ ਕਿ ਰੋਵਿਲ ਸੈਂਟਰ ਵਿਕਟੋਰੀਆ ਰਾਜ ਵਿੱਚ ਪਹਿਲਾ ਭਾਰਤੀ ਕਮਿਊਨਿਟੀ ਸੈਂਟਰ ਹੈ ਅਤੇ 30 ਸਾਲਾਂ ਦੀ ਕੋਸ਼ਿਸ਼ ਤੋਂ ਬਾਅਦ ਇਸ ਨੂੰ ਸਥਾਪਿਤ ਕੀਤਾ ਗਿਆ ਸੀ। ਆਸਟ੍ਰੇਲੀਆ ਇੰਡੀਆ ਕਮਿਊਨਿਟੀ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਵਾਸਨ ਸ਼੍ਰੀਨਿਵਾਸਨ ਨੇ ਕਿਹਾ ਕਿ ਉਹ ਇਸ ਗੱਲ ਤੋਂ ਦੁਖੀ ਹਨ ਕਿ ਕਿਸੇ ਨੇ ਇਸ ਦੇ ਉਦਘਾਟਨ ਦੇ 24 ਘੰਟਿਆਂ ਦੇ ਅੰਦਰ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਐਸਬੀਐਸ ਨਿਊਜ਼ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ,"ਵਿਕਟੋਰੀਆ ਰਾਜ ਵਿੱਚ ਲਗਭਗ 3,00,000 ਭਾਰਤੀ ਰਹਿੰਦੇ ਹਨ ਅਤੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਵਿਕਟੋਰੀਆ ਵਿੱਚ ਅਜਿਹਾ ਹੋ ਸਕਦਾ ਹੈ।" ਸ਼੍ਰੀਨਿਵਾਸਨ ਨੇ ਕਿਹਾ ਕਿ ਪੂਰਾ ਦਿਨ ਤੇਜ਼ ਮੀਂਹ ਪੈਣ ਕਾਰਨ ਪੁਲਿਸ ਫਿੰਗਰਪ੍ਰਿੰਟ ਨਹੀਂ ਲੱਭ ਸਕੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।