ਕੈਨੇਡਾ : ਸਰੀ ''ਚ ਬਜ਼ੁਰਗ ਦੇ ਗੁੱਸੇ ਨੇ ਲਈ ਬੀਬੀ ਦੀ ਜਾਨ, ਮਿਲੀ ਸਖ਼ਤ ਸਜ਼ਾ

09/16/2020 12:48:08 PM

ਸਰੀ- ਕੈਨੇਡਾ ਦੇ ਸ਼ਹਿਰ ਸਰੀ ਵਿਚ ਰਹਿਣ ਵਾਲੇ ਇਕ 71 ਸਾਲਾ ਬਜ਼ੁਰਗ ਤੇਜਵੰਤ ਧੰਜੂ ਨੂੰ ਆਪਣੀ ਪਾਰਟਨਰ ਦਾ ਕਤਲ ਕਰਨ ਦੇ ਦੋਸ਼ ਵਿਚ 12 ਸਾਲ ਦੀ ਸਜ਼ਾ ਸੁਣਾਈ ਗਈ ਹੈ। ਧੰਜੂ 'ਤੇ ਦੂਜੀ ਡਿਗਰੀ ਕਤਲ ਦਾ ਦੋਸ਼ ਹੈ।

ਧੰਜੂ ਆਪਣੀ ਪਾਰਟਨਰ 56 ਸਾਲਾ ਰਾਮਾ ਗੋਰਾਵਰਪੁ ਨਾਲ ਜੁਲਾਈ 2018 ਵਿਚ ਛੁੱਟੀਆਂ ਮਨਾਉਣ ਲਈ ਵੈੱਸਟ ਕੈਲੋਵਨਾ ਗਿਆ ਸੀ, ਜਿੱਥੇ ਉਹ ਦੋਵੇਂ ਇਕ ਹੋਟਲ ਵਿਚ ਰੁਕੇ ਸਨ। ਦੋਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਤੇ ਇਹਇੰਨੀ ਵੱਧ ਗਈ ਕਿ ਧੰਜੂ ਨੇ ਰਾਮਾ ਦੇ ਸਿਰ 'ਤੇ ਵਾਈਨ ਦੀ ਬੋਤਲ ਮਾਰੀ ਤੇ ਗਲੇ 'ਤੇ ਵੀ ਡੂੰਘਾ ਜ਼ਖਮ ਕਰ ਕੇ ਫਰਾਰ ਹੋ ਗਿਆ। ਜ਼ਖਮਾਂ ਦੀ ਤਾਬ ਨਾ ਝੱਲਦਿਆਂ ਰਾਮਾ ਨੇ ਦਮ ਤੋੜ ਦਿੱਤਾ। ਕੁਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਉੱਚੀ-ਉੱਚੀ ਲੜਨ ਤੇ ਚੀਕਾਂ ਦੀਆਂ ਆਵਾਜ਼ਾਂ ਸੁਣੀਆਂ ਸਨ। ਥੋੜੀ ਦੇਰ ਬਾਅਦ ਹੀ ਪੁਲਸ ਨੇ ਧੰਜੂ ਨੂੰ ਹਿਰਾਸਤ ਵਿਚ ਲੈ ਲਿਆ ਸੀ ਤੇ ਪਿਛਲੇ ਮਹੀਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ। 

ਬੀਤੇ ਦਿਨ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਕਿਹਾ ਕਿ ਸਾਰੀ ਘਟਨਾ ਤੋਂ ਸਪੱਸ਼ਟ ਹੈ ਕਿ ਧੰਜੂ ਜਾਣ-ਬੁੱਝ ਕੇ ਰਾਮਾ ਨੂੰ ਹੋਟਲ ਵਿਚ ਲੈ ਕੇ ਗਿਆ ਤੇ ਬੁਰੀ ਤਰ੍ਹਾਂ ਜ਼ਖਮੀ ਕੀਤਾ ਕਿ ਰਾਮਾ ਦੀ ਮੌਤ ਹੋ ਗਈ। ਰਾਮਾ ਦੇ ਸਰੀਰ 'ਤੇ ਬਹੁਤ ਜ਼ਿਆਦਾ ਜ਼ਖਮ ਸਨ। ਧੰਜੂ ਨੂੰ 12 ਸਾਲਾਂ ਦੀ ਜੇਲ੍ਹ ਦੀ ਸਜ਼ਾ ਹੋਈ ਹੈ ਤੇ ਉਸ ਨੂੰ ਪੈਰੋਲ ਵੀ ਨਹੀਂ ਮਿਲੇਗੀ। ਹੁਣ ਉਹ 2032 ਵਿਚ ਜੇਲ੍ਹ ਤੋਂ ਰਿਹਾਅ ਹੋਵੇਗਾ, ਜਦ ਉਸ ਦੀ ਉਮਰ 83 ਸਾਲ ਹੋ ਜਾਵੇਗੀ। ਗੁੱਸੇ ਵਿਚ ਆ ਕੇ ਧੰਜੂ ਨੇ ਆਪਣਾ ਸਾਥੀ ਵੀ ਗੁਆ ਲਿਆ ਤੇ ਆਪਣਾ ਬੁਢਾਪਾ ਵੀ ਖਰਾਬ ਕਰ ਲਿਆ। 


Lalita Mam

Content Editor

Related News