ਹੁਣ ਔਰਤ ਦਾ ਕੀਤਾ ਕਤਲ ਤਾਂ ਜੇਲ੍ਹ ''ਚ ਕੱਟਣੀ ਪਵੇਗੀ ਸਾਰੀ ਉਮਰ ! ਇਟਲੀ ''ਚ ਇਤਿਹਾਸਕ ਕਾਨੂੰਨ ਪਾਸ

Friday, Nov 28, 2025 - 03:15 PM (IST)

ਹੁਣ ਔਰਤ ਦਾ ਕੀਤਾ ਕਤਲ ਤਾਂ ਜੇਲ੍ਹ ''ਚ ਕੱਟਣੀ ਪਵੇਗੀ ਸਾਰੀ ਉਮਰ ! ਇਟਲੀ ''ਚ ਇਤਿਹਾਸਕ ਕਾਨੂੰਨ ਪਾਸ

ਰੋਮ (ਦਲਵੀਰ ਕੈਂਥ)- ਇਟਲੀ ਦੀ ਸੰਸਦ ਨੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਅਗਵਾਈ ਵਿੱਚ ਇੱਕ ਇਤਿਹਾਸਕ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤਹਿਤ ਔਰਤ ਦਾ ਕਤਲ ਕਰਨ ਵਾਲੇ ਅਪਰਾਧੀ ਨੂੰ ਉਮਰ ਕੈਦ ਦੀ ਸਜ਼ਾ ਹੋਵੇਗੀ।

ਇਸ ਕਾਨੂੰਨ ਨੂੰ ਇਟਲੀ ਵਿੱਚ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਂਦੇ ਕਤਲਾਂ ਅਤੇ ਹਿੰਸਕ ਘਟਨਾਵਾਂ ਨੂੰ ਰੋਕਣ ਲਈ ਲਾਗੂ ਕੀਤਾ ਗਿਆ ਹੈ। ਇਸ ਬਿੱਲ ਨੂੰ ਹੇਠਲੇ ਸਦਨ ਵਿੱਚ 237 ਵੋਟਾਂ ਨਾਲ ਦੋ-ਪੱਖੀ ਸਮਰਥਨ ਮਿਲਿਆ। 25 ਨਵੰਬਰ, ਜੋ ਕਿ ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਦਾ ਅੰਤਰਰਾਸ਼ਟਰੀ ਦਿਵਸ ਹੈ, ਵਾਲੇ ਦਿਨ ਇਹ ਕਾਨੂੰਨ ਪਾਸ ਕਰਨਾ ਔਰਤਾਂ ਦੀ ਰਾਖੀ ਲਈ ਇੱਕ ਵੱਡਾ ਅਤੇ ਸਲਾਹੁਣਯੋਗ ਕਦਮ ਮੰਨਿਆ ਜਾ ਰਿਹਾ ਹੈ।

ਇਸਟੈਟ (Istat) ਸੰਸਥਾ ਦੇ ਹਾਲ ਹੀ ਦੇ ਅੰਕੜਿਆਂ ਅਨੁਸਾਰ ਸਾਲ 2024 ਵਿੱਚ 106 ਔਰਤਾਂ ਦਾ ਕਤਲ ਕੀਤਾ ਗਿਆ, ਜਿਨ੍ਹਾਂ ਵਿੱਚੋਂ 62 ਕਤਲ ਔਰਤਾਂ ਦੇ ਪਤੀਆਂ, ਸਾਬਕਾ ਪਤੀਆਂ ਜਾਂ ਪ੍ਰੇਮੀਆਂ ਦੁਆਰਾ ਕੀਤੇ ਗਏ ਸਨ। ਵਿਸ਼ਵਵਿਆਪੀ ਅੰਕੜੇ ਦਰਸਾਉਂਦੇ ਹਨ ਕਿ ਸਾਲ 2021 ਵਿੱਚ ਦੁਨੀਆ ਭਰ ਵਿੱਚ ਹੋਏ 81,100 ਔਰਤਾਂ ਦੇ ਕਤਲ ਦੇ ਮਾਮਲਿਆਂ 'ਚੋਂ 45,000 (56 ਫ਼ੀਸਦੀ) ਨੂੰ ਉਨ੍ਹਾਂ ਦੇ ਨਜ਼ਦੀਕੀਆਂ ਦੁਆਰਾ ਹੀ ਮੌਤ ਦੇ ਘਾਟ ਉਤਾਰਿਆ ਗਿਆ ਸੀ।

ਇਹ ਵੀ ਪੜ੍ਹੋ- ਆਸ਼ਕ ਨਾਲ ਮੌਜਾਂ ਕਰਦੀ ਫੜੀ ਗਈ ਪਤਨੀ, ਜਿਸ ਦੇ ਕਤਲ ਦੇ ਦੋਸ਼ 'ਚ ਪਤੀ ਕੱਟ ਰਿਹਾ ਜੇਲ੍ਹ

ਦੂਜੇ ਪਾਸੇ, ਇਟਲੀ ਵਿੱਚ ਲਿੰਗ-ਅਧਾਰਤ ਹਿੰਸਾ ਨੂੰ ਰੋਕਣ ਲਈ ਸਕੂਲਾਂ ਵਿੱਚ ਜਿਨਸੀ ਅਤੇ ਭਾਵਨਾਤਮਕ ਸਿੱਖਿਆ ਸ਼ੁਰੂ ਕਰਨ ਬਾਰੇ ਵੀ ਚਰਚਾ ਛਿੜੀ ਹੋਈ ਹੈ। ਸਰਕਾਰ ਨੇ ਇੱਕ ਕਾਨੂੰਨ ਪ੍ਰਸਤਾਵਿਤ ਕੀਤਾ ਹੈ ਜੋ ਪ੍ਰਾਇਮਰੀ ਵਿਦਿਆਰਥੀਆਂ ਲਈ ਜਿਨਸੀ ਅਤੇ ਭਾਵਨਾਤਮਕ ਸਿੱਖਿਆ 'ਤੇ ਪਾਬੰਦੀ ਲਗਾਏਗਾ ਅਤੇ ਹਾਈ ਸਕੂਲ ਵਿੱਚ ਅਜਿਹੇ ਪਾਠਾਂ ਲਈ ਮਾਪਿਆਂ ਦੀ ਸਹਿਮਤੀ ਲਾਜ਼ਮੀ ਹੋਵੇਗੀ। ਕਾਰਕੁੰਨਾਂ ਨੇ ਇਸ ਕਾਨੂੰਨ ਨੂੰ "ਮੱਧਯੁਗੀ" ਦੱਸਿਆ ਹੈ।

ਜੇਕਰ ਇਟਲੀ ਸਰਕਾਰ ਇਸ ਕਾਨੂੰਨ ਨਾਲ ਔਰਤਾਂ 'ਤੇ ਹੋ ਰਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਇਸ ਨਾਲ ਮਰਦ ਪ੍ਰਧਾਨ ਲੋਕਾਂ ਦੀ ਸੋਚ ਨੂੰ ਡੂੰਘੀ ਸੱਟ ਵੱਜੇਗੀ ਅਤੇ ਦੁਨੀਆ ਭਰ ਦੇ ਹੋਰ ਦੇਸ਼ ਵੀ ਇਸ ਤਰ੍ਹਾਂ ਦੇ ਕਾਨੂੰਨ ਲਾਗੂ ਕਰਨ ਲਈ ਸੇਧ ਲੈ ਸਕਦੇ ਹਨ।


author

Harpreet SIngh

Content Editor

Related News