ਮਰਹੂਮ ਮਨਮੀਤ ਅਲੀਸ਼ੇਰ ਕੇਸ ਦੀਆਂ ਪਰਤਾਂ ਖੁੱਲ੍ਹਣ ਦੀ ਆਸ ਬੱਝੀ

12/14/2019 7:04:46 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ 28 ਅਕਤੂਬਰ 2016 ਦੀ ਸਵੇਰ ਨੂੰ ਇਕ ਦਰਦਨਾਕ ਹਾਦਸੇ 'ਚ ਮਰਹੂਮ ਮਨਮੀਤ ਅਲੀਸ਼ੇਰ ਬੱਸ ਡਰਾਈਵਰ ਦੀ ਡਿਊਟੀ ਦੌਰਾਨ ਕੀਤੀ ਗਈ ਹੱਤਿਆ ਦਾ ਕੇਸ ਇਕ ਵਾਰ ਫਿਰ ਇਨਸਾਫ਼ ਲਈ ਸੁਰਖੀਆਂ 'ਚ ਹੈ। ਬ੍ਰਿਸਬੇਨ ਦੀ ਕੋਰੋਨਰ ਅਦਾਲਤ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੋਸ਼ੀ ਐਥਨੀ ਉਡਨਹੀਓ ਵਲੋਂ ਮਨਮੀਤ ਸ਼ਰਮਾਂ ਨੂੰ ਕਤਲ ਕਰਨ ਤੋਂ ਪਹਿਲਾਂ ਦੇ ਸਾਲਾਂ ਦੇ ਮਾਨਸਿਕ ਬਿਮਾਰੀ ਸਬੰਧੀ ਕੀਤੇ ਗਏ ਇਲਾਜ ਦੀ ਸਮੀਖਿਆ ਕੀਤੀ ਜਾਣੀ ਹੈ, ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਦੋਸ਼ੀ ਕਿਸ ਹੱਦ ਤੱਕ ਮਾਨਸਿਕ ਬਿਮਾਰੀ ਤੋਂ ਪੀੜਤ ਸੀ, ਇਲਾਜ ਦੌਰਾਨ ਕਿਥੇ ਕਮੀ ਰਹੀ ਕਿ ਉਸ ਵਲੋਂ ਕਤਲ ਕੀਤਾ ਗਿਆ।ਜਿਕਰਯੋਗ ਹੈ ਕਿ ਐਂਥਨੀ ਸਾਲ 2010 ਤੋਂ ਹੀ ਹਸਪਤਾਲ ਅਤੇ ਕਮਿਊਨਿਟੀ ਮਾਨਸਿਕ ਸਿਹਤ ਸੇਵਾਵਾਂ ਨਾਲ ਸੰਪਰਕ ‘ਚ ਸੀ।

ਉਸਨੇ ਅਕਤੂਬਰ 2011 ਵਿੱਚ ਆਪ ਮਰਨ ਅਤੇ ਪੁਲਿਸ ਵਰਗੇ ਪਬਲਿਕ ਸੈਕਟਰ ਦੇ ਵਰਕਰਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ ਅਤੇ ਬ੍ਰਿਸਬੇਨ ਦੀ ਆਸਟਰੇਲੀਆਈ ਸਰਵਿਸਿਜ਼ ਯੂਨੀਅਨ ਵਿੱਚ ‘ਵੱਧ ਤੋਂ ਵੱਧ ਲੋਕਾਂ ਨੂੰ ਮਾਰਨ’ ਦੀ ਯੋਜਨਾ ਦਾ ਪ੍ਰਗਟਾਵਾ ਵੀ ਕੀਤਾ ਸੀ। ਮਨਮੀਤ ਦੀ ਹੱਤਿਆ ਵਾਲੇ ਦਿਨ ਦੋਸ਼ੀ ਵਲੋਂ ਡਿਉਟੀ ਦੌਰਾਨ ਡਰਾਈਵਰ ਸੀਟ 'ਤੇ ਬੈਠੇ ਮਰਹੂਮ ‘ਤੇ ਡੀਜ਼ਲ ਅਤੇ ਪੈਟਰੌਲ ਸੁੱਟ ਅੱਗ ਲਗਾ ਕੇ ਜਲਾਇਆ ਸੀ ਅਤੇ 29 ਸਾਲਾ ਮਨਮੀਤ ਦੀ ਅੱਗ ਦੀਆਂ ਲਪਟਾਂ ਤੇ ਸੰਘਣੇ ਕਾਲੇ ਧੂੰਏਂ ਨਾਲ ਤਰੁੰਤ ਮੌਤ ਹੋ ਗਈ ਸੀ। ਮਨਮੀਤ ਕਤਲ ਕੇਸ 'ਚ ਦੋਸ਼ੀ ਐਥਨੀ ਨੂੰ ਮਾਣਯੋਗ ਅਦਾਲਤ ਨੇ ਮਾਨਸਿਕ ਬਿਮਾਰੀ ਤੋਂ ਪੀੜਤ ਮਨ ਕੇ ਅਪਰਾਧਿਕ ਤੌਰ ‘ਤੇ ਜ਼ਿੰਮੇਵਾਰ ਨਹੀਂ ਠਹਿਰਾਇਆ ਸੀ। ਅਪਰਾਧਿਕ ਦੋਸ਼ ਮੁੱਕਤੀ ਤੋਂ ਬਾਅਦ ਅਦਾਲਤ ਨੇ ਦੋਸ਼ੀ ਨੂੰ ਘੱਟੋ-ਘੱਟ ਇੱਕ ਦਹਾਕੇ ਲਈ ਮਾਨਸਿਕ ਸਿਹਤ ਸਹੂਲਤ ਦੀ ਨਿਗਰਾਨੀ 'ਚ ਰੱਖਣ ਦਾ ਆਦੇਸ਼ ਦਿੱਤਾ ਸੀ। ਉਸ ਵਕਤ ਮਰਹੂਮ ਦੇ ਭਰਾ ਅਮਿਤ ਅਲੀਸ਼ੇਰ ਅਤੇ ਵਿਨਰਜੀਤ ਸਿੰਘ ਗੋਲਡੀ ਨੇ ਭਵਿੱਖ 'ਚ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ ਲਈ ਕੋਰੋਨਰ ਜਾਂਚ ਰਿਪੋਰਟ ਦੀ ਮੰਗ ਕੀਤੀ ਸੀ, ਤਾਂ ਕਿ ਇਸ ਹੱਤਿਆ ਲਈ ਸਿਸਟਮ, ਸਿਹਤ ਵਿਭਾਗ ਜਾਂ ਫਿਰ ਕੌਣ ਜ਼ਿੰਮੇਵਾਰ ਹੈ, ਮਰਹੂਮ ਲਈ ਇਨਸਾਫ਼ ਦੀ ਗੁਹਾਰ ਲਗਾਈ ਸੀ। ਮਰਹੂਮ ਨੂੰ ਇਨਸਾਫ਼ ਨਾ ਮਿਲਣਾ ਪੀੜਤ ਦੇ ਪਰਿਵਾਰ ਅਤੇ ਸਮੂਹ ਭਾਈਚਾਰੇ ਲਈ ਚੀਸ ਬਣਕੇ ਰਹਿ ਗਈ ਸੀ।ਪੰਜਾਬ ਤੋ ਬ੍ਰਿਸਬੇਨ ਪਹੁੰਚੇ ਭਰਾ ਅਮਿਤ ਅਲੀਸ਼ੇਰ, ਪਿੰਕੀ ਸਿੰਘ, ਮਨਮੋਹਣ ਰੰਧਾਵਾ, ਸੁਰਿੰਦਰ, ਵਰਿੰਦਰ ਅਲੀਸ਼ੇਰ, ਚੇਤਨ ਪੁੰਜ ਨੇ ਸਾਂਝੇ ਤੌਰ ਤੇ ਦੱਸਿਆ ਕਿ ਕੋਰੋਨਰ ਇਨਕੁਇਸਟ ਦੀ ਸੁਣਵਾਈ ਅਗਲੇ ਸਾਲ 16 ਮਾਰਚ ਤੋ ਸ਼ੁਰੂ ਹੋਵੇਗੀ ਅਤੇ ਕੇਸ ਨਾਲ ਸਬੰਧਤ ਵੱਖ-ਵੱਖ ਵਿਭਾਗਾਂ ਤੋਂ ਜਾਂਚ-ਪੜਤਾਲ ਕੀਤੀ ਜਾਵੇਗੀ। ਜਿਸ ਦੌਰਾਨ ਬੱਸ ਡਰਾਈਵਰਾਂ ਦੀ ਸੁਰੱਖਿਆ ਬਾਰੇ ਵੀ ਮੁਲਾਂਕਣ ਕੀਤਾ ਜਾਵੇਗਾ।


Sunny Mehra

Content Editor

Related News