ਕੈਨੇਡਾ ''ਚ ਛੁਰੇਬਾਜ਼ੀ ਦੀਆਂ ਘਟਨਾਵਾਂ ਦਾ ਆਖ਼ਰੀ ਸ਼ੱਕੀ ਵੀ ਮਾਰਿਆ ਗਿਆ
Thursday, Sep 08, 2022 - 09:28 AM (IST)

ਰੋਸਟਰਨ (ਏਜੰਸੀ)- ਕੈਨੇਡਾ ਦੇ ਸਸਕੈਚਵਨ ਵਿੱਚ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਤੇਜ਼ਧਾਰ ਹਥਿਆਰ ਨਾਲ 10 ਲੋਕਾਂ ਦਾ ਕਤਲ ਕਰਨ ਦੇ ਮਾਮਲੇ ਵਿਚ ਆਖ਼ਰੀ ਸ਼ੱਕੀ ਮਾਈਲਸ ਸੈਂਡਰਸਨ ਦੀ ਵੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਬੁੱਧਵਾਰ ਨੂੰ ਉਸ ਦੀ ਕਾਰ ਨੂੰ ਇਕ ਸੜਕ 'ਤੇ ਘੇਰ ਲਿਆ ਸੀ ਪਰ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ, ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੂੰ ਇਹ ਸੱਟਾਂ ਕਦੋਂ ਲੱਗੀਆਂ ਜਾਂ ਕਦੋਂ ਉਸ ਦੀ ਮੌਤ ਹੋਈ।
ਪੁਲਸ ਤਿੰਨ ਦਿਨਾਂ ਤੋਂ ਉਸ ਦੀ ਭਾਲ ਕਰ ਰਹੀ ਸੀ। ਰਾਇਲ ਕੈਨੇਡਾ ਮਾਊਂਟਿਡ ਪੁਲਸ ਨੇ ਦੱਸਿਆ ਕਿ ਮਾਈਲਸ ਸੈਂਡਰਸਨ (32) ਸਸਕੈਚਵਨ ਪ੍ਰਾਂਤ ਦੇ ਰੋਸਟਰਨ ਸ਼ਹਿਰ ਦੇ ਨੇੜੇ ਮਿਲਿਆ ਸੀ। ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਚਾਕੂ ਨਾਲ ਲੈਸ ਇੱਕ ਵਿਅਕਤੀ ਚੋਰੀ ਦੀ ਗੱਡੀ ਚਲਾ ਰਿਹਾ ਹੈ। ਇਕ ਅਧਿਕਾਰੀ, ਜਿਸ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਗੱਲ ਕੀਤੀ, ਨੇ ਕਿਹਾ ਕਿ ਅਧਿਕਾਰੀਆਂ ਨੇ ਸੜਕ 'ਤੇ ਸੈਂਡਰਸਨ ਦੇ ਵਾਹਨ ਨੂੰ ਘੇਰਿਆ ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਨੂੰ ਕਦੋਂ ਸੱਟਾਂ ਲੱਗੀਆਂ ਜਾਂ ਕਦੋਂ ਉਸਦੀ ਮੌਤ ਹੋਈ। ਘਟਨਾ ਸਥਾਨ ਤੋਂ ਮਿਲੀ ਵੀਡੀਓ ਅਤੇ ਫੋਟੋਆਂ ਵਿੱਚ ਇੱਕ ਚਿੱਟੇ ਰੰਗ ਦੀ SUV ਸੜਕ ਦੇ ਕਿਨਾਰੇ ਖੜ੍ਹੀ ਦਿਖਾਈ ਦੇ ਰਹੀ ਹੈ ਅਤੇ ਉਸ ਨੂੰ ਚਾਰੇ ਪਾਸਿਓਂ ਪੁਲਸ ਦੀਆਂ ਗੱਡੀਆਂ ਨੇ ਘੇਰਿਆ ਹੋਇਆ ਹੈ। ਸੈਂਡਰਸਨ ਦੀ ਮੌਤ ਤੋਂ 2 ਦਿਨ ਪਹਿਲਾਂ ਉਸ ਦਾ ਭਰਾ 30 ਸਾਲਾ ਡੈਮੀਅਨ ਸੈਂਡਰਸਨ, ਉਸ ਜਗ੍ਹਾ ਦੇ ਨੇੜੇ ਇਕ ਖੇਤ ਵਿੱਚ ਮ੍ਰਿਤਕ ਪਾਇਆ ਗਿਆ ਸੀ, ਜਿੱਥੇ ਛੁਰੇਬਾਜ਼ੀ ਦੀਆਂ ਘਟਨਾਵਾਂ ਹੋਈਆਂ ਸਨ। ਇਨ੍ਹਾਂ ਘਟਨਾਵਾਂ 'ਚ 18 ਲੋਕ ਜ਼ਖ਼ਮੀ ਵੀ ਹੋਏ।
ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਮਾਈਲਸ ਸੈਂਡਰਸਨ ਨੇ ਆਪਣੇ ਭਰਾ ਦਾ ਕਤਲ ਕੀਤਾ ਹੈ। ਇਨ੍ਹਾਂ ਘਟਨਾਵਾਂ ਦਾ ਸ਼ਿਕਾਰ ਹੋਏ ਕੁਝ ਪਰਿਵਾਰਕ ਮੈਂਬਰ ਬੁੱਧਵਾਰ ਨੂੰ ਘਟਨਾ ਸਥਾਨ 'ਤੇ ਪਹੁੰਚੇ। ਉਨ੍ਹਾਂ ਵਿਚ ਬ੍ਰਾਇਨ ਬਰਨਜ਼ ਵੀ ਸ਼ਾਮਲ ਸਨ, ਜਿਨ੍ਹਾਂ ਦੀ ਪਤਨੀ ਅਤੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ, 'ਹੁਣ ਅਸੀਂ ਇਸ ਦੁੱਖ ਤੋਂ ਉਭਰਨਾ ਸ਼ੁਰੂ ਕਰ ਸਕਦੇ ਹਾਂ। ਅੱਜ ਤੋਂ ਜ਼ਖਮ ਭਰਨੇ ਸ਼ੁਰੂ ਹੋ ਗਏ ਹਨ।' ਛੁਰੇਬਾਜ਼ੀ ਦੀਆਂ ਇਨ੍ਹਾਂ ਘਟਨਾਵਾਂ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਅਪਰਾਧਿਕ ਪਿਛੋਕੜ ਵਾਲਾ ਮਾਈਲਸ ਸੈਂਡਰਸਨ ਕੈਨੇਡਾ ਦੀਆਂ ਸੜਕਾਂ 'ਤੇ ਕਿਵੇਂ ਖੁੱਲ੍ਹੇਆਮ ਘੁੰਮ ਰਿਹਾ ਸੀ। ਉਸ ਨੂੰ 59 ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਦਾ ਹਿੰਸਾ ਦਾ ਲੰਬਾ ਇਤਿਹਾਸ ਰਿਹਾ ਹੈ। ਉਸ ਨੂੰ ਫਰਵਰੀ 'ਚ ਪੈਰੋਲ 'ਤੇ ਰਿਹਾਅ ਕੀਤਾ ਗਿਆ ਸੀ। ਉਸ ਸਮੇਂ ਉਹ ਕੁੱਟਮਾਰ ਅਤੇ ਲੁੱਟ-ਖੋਹ ਦੇ ਦੋਸ਼ ਵਿੱਚ ਚਾਰ ਸਾਲ ਦੀ ਸਜ਼ਾ ਕੱਟ ਰਿਹਾ ਸੀ।