ਇੰਡੋਨੇਸ਼ੀਆ ''ਚ Landslide ਨੇ ਢਾਹਿਆ ਕਹਿਰ ! 17 ਲੋਕਾਂ ਦੀ ਮੌਤ, ਜਲ ਸੈਨਿਕਾਂ ਸਣੇ 80 ਲਾਪਤਾ

Monday, Jan 26, 2026 - 05:30 PM (IST)

ਇੰਡੋਨੇਸ਼ੀਆ ''ਚ Landslide ਨੇ ਢਾਹਿਆ ਕਹਿਰ ! 17 ਲੋਕਾਂ ਦੀ ਮੌਤ, ਜਲ ਸੈਨਿਕਾਂ ਸਣੇ 80 ਲਾਪਤਾ

ਇੰਟਰਨੈਸ਼ਨਲ ਡੈਸਕ- ਇੰਡੋਨੇਸ਼ੀਆ ਦੇ ਪੱਛਮੀ ਜਾਵਾ ਸੂਬੇ ਵਿੱਚ ਮਾਊਂਟ ਬੁਰੰਗਰਾਂਗ ਦੀਆਂ ਢਲਾਣਾਂ 'ਤੇ ਸ਼ਨੀਵਾਰ ਤੜਕੇ ਹੋਈ ਭਿਆਨਕ ਲੈਂਡਸਲਾਈਡ ਨੇ ਭਾਰੀ ਤਬਾਹੀ ਮਚਾਈ ਹੈ। ਅਧਿਕਾਰੀਆਂ ਅਨੁਸਾਰ ਇਸ ਹਾਦਸੇ ਵਿੱਚ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ 80 ਲੋਕ ਲਾਪਤਾ ਹਨ।

ਲਾਪਤਾ ਲੋਕਾਂ ਵਿੱਚ ਇੰਡੋਨੇਸ਼ੀਆਈ ਮਰੀਨ ਫੋਰਸ ਦੇ 19 ਮੈਂਬਰ ਸ਼ਾਮਲ ਹਨ। ਇਹ ਸੈਨਿਕ ਇੰਡੋਨੇਸ਼ੀਆ-ਪਾਪੂਆ ਨਿਊ ਗਿਨੀ ਸਰਹੱਦ 'ਤੇ ਤਾਇਨਾਤੀ ਤੋਂ ਪਹਿਲਾਂ ਇੱਥੇ ਸਿਖਲਾਈ ਲੈ ਰਹੇ ਸਨ। ਹੁਣ ਤੱਕ 4 ਮਰੀਨ ਸੈਨਿਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਲੈਂਡਸਲਾਈਡ ਕਾਰਨ ਪਾਸਿਰ ਲਾਂਗੂ ਪਿੰਡ ਦੇ ਲਗਭਗ 34 ਘਰ ਅਤੇ ਸੈਨਿਕਾਂ ਦਾ ਸਿਖਲਾਈ ਕੈਂਪ ਮਲਬੇ ਹੇਠ ਦੱਬ ਗਏ ਹਨ। ਲਗਾਤਾਰ ਦੋ ਰਾਤਾਂ ਤੱਕ ਹੋਈ ਭਾਰੀ ਬਾਰਿਸ਼ ਕਾਰਨ ਪਹਾੜ ਦੀ ਢਲਾਨ ਕਮਜ਼ੋਰ ਹੋ ਗਈ ਸੀ। 

ਇਸ ਦੌਰਾਨ ਪ੍ਰਸ਼ਾਸਨ ਵੱਲੋਂ ਬਚਾਅ ਮੁਹਿੰਮ ਵਿੱਚ ਸ਼ਾਮਲ ਕਰਮੀਆਂ ਦੀ ਸੰਖਿਆ 500 ਤੋਂ ਵਧਾ ਕੇ 2,100 ਕਰ ਦਿੱਤੀ ਗਈ ਹੈ। ਬਚਾਅ ਕਰਮੀ ਡਰੋਨ, ਵਾਟਰ ਪੰਪ ਅਤੇ ਖੁਦਾਈ ਮਸ਼ੀਨਾਂ ਦੀ ਵਰਤੋਂ ਕਰ ਰਹੇ ਹਨ, ਪਰ ਤੰਗ ਸੜਕਾਂ ਅਤੇ ਅਸਥਿਰ ਜ਼ਮੀਨ ਕਾਰਨ ਭਾਰੀ ਮਸ਼ੀਨਰੀ ਪਹੁੰਚਾਉਣ ਵਿੱਚ ਦਿੱਕਤ ਆ ਰਹੀ ਹੈ। ਬਚਾਅ ਕਰਮੀਆਂ ਨੂੰ 2 ਕਿਲੋਮੀਟਰ ਦੇ ਖੇਤਰ ਵਿੱਚ ਫੈਲੇ ਪੱਥਰਾਂ ਅਤੇ ਉਖੜੇ ਹੋਏ ਰੁੱਖਾਂ ਦੇ ਮਲਬੇ ਨੂੰ ਹਟਾਉਣਾ ਪੈ ਰਿਹਾ ਹੈ, ਜੋ ਕੁਝ ਥਾਵਾਂ 'ਤੇ 8 ਮੀਟਰ ਤੱਕ ਡੂੰਘਾ ਹੈ।

ਸੁਰੱਖਿਆ ਦੇ ਮੱਦੇਨਜ਼ਰ ਪ੍ਰਭਾਵਿਤ ਖੇਤਰ ਦੇ ਲਗਭਗ 230 ਨਿਵਾਸੀਆਂ ਨੂੰ ਸਰਕਾਰੀ ਆਸਰਾ ਘਰਾਂ ਵਿੱਚ ਭੇਜਿਆ ਗਿਆ ਹੈ। ਇੰਡੋਨੇਸ਼ੀਆ ਵਿੱਚ ਅਕਤੂਬਰ ਤੋਂ ਅਪ੍ਰੈਲ ਦੇ ਵਿਚਕਾਰ ਹੋਣ ਵਾਲੀ ਮੌਸਮੀ ਬਾਰਿਸ਼ ਕਾਰਨ ਅਕਸਰ ਅਜਿਹੇ ਭੂਸਖਲਨ ਅਤੇ ਹੜ੍ਹ ਆਉਂਦੇ ਹਨ। ਅਧਿਕਾਰੀਆਂ ਵੱਲੋਂ ਲਾਪਤਾ ਲੋਕਾਂ ਦੀ ਭਾਲ ਲਈ ਤਲਾਸ਼ੀ ਅਭਿਆਨ ਲਗਾਤਾਰ ਜਾਰੀ ਹੈ।


author

Harpreet SIngh

Content Editor

Related News