16 ਸਾਲ ਬਾਅਦ ਭਾਰਤ ਪਰਤਣਗੇ ਲਲਿਤ ਮੋਦੀ, ਈ. ਡੀ. ਦਾ ਜੁਰਮਾਨਾ ਰੱਦ

Thursday, Jul 23, 2026 - 04:18 AM (IST)

16 ਸਾਲ ਬਾਅਦ ਭਾਰਤ ਪਰਤਣਗੇ ਲਲਿਤ ਮੋਦੀ, ਈ. ਡੀ. ਦਾ ਜੁਰਮਾਨਾ ਰੱਦ

ਲੰਡਨ – ਆਈ. ਪੀ. ਐੱਲ. ਦੇ ਸੰਸਥਾਪਕ ਲਲਿਤ ਮੋਦੀ 16 ਸਾਲ ਬਾਅਦ ਭਾਰਤ ਪਰਤਣ ਦੀ ਤਿਆਰੀ ਵਿਚ ਹਨ। ਇਕ ਅਪੀਲੀ ਟ੍ਰਿਬਿਊਨਲ ਨੇ 16 ਜੁਲਾਈ ਨੂੰ ਆਈ. ਪੀ. ਐੱਲ. 2009 ਦੇ ਦੱਖਣੀ ਅਫਰੀਕਾ ਆਯੋਜਨ ਨਾਲ ਜੁੜੇ ਫੇਮਾ ਮਾਮਲੇ ਵਿਚ ਫੈਸਲਾ ਸੁਣਾਇਆ ਸੀ। ਇਸ ਵਿਚ ਮੋਦੀ ਨੂੰ ਰਾਹਤ ਦਿੰਦੇ ਹੋਏ ਈ. ਡੀ. ਵੱਲੋਂ ਲਗਾਏ ਗਏ ਜੁਰਮਾਨੇ ਨੂੰ ਰੱਦ ਕਰ ਦਿੱਤਾ ਗਿਆ ਸੀ।
ਫੈਸਲੇ ਤੋਂ ਬਾਅਦ ਲਲਿਤ ਮੋਦੀ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਭਾਰਤ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਹੈ ਅਤੇ ਉਹ ਇਸ ਸਾਲ ਦੇ ਅਖ਼ੀਰ ਜਾਂ ਅਗਲੇ ਸਾਲ ਦੀ ਸ਼ੁਰੂਆਤ ਵਿਚ ਭਾਰਤ ਪਰਤ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਅਕਤੂਬਰ ਵਿਚ ਬੱਚੇ ਨੂੰ ਜਨਮ ਦੇਣ ਵਾਲੀ ਹੈ, ਜਿਸ ਤੋਂ ਬਾਅਦ ਉਹ ਭਾਰਤ ਆਉਣ ਦੀ ਯੋਜਨਾ ਬਣਾ ਰਹੇ ਹਨ।

ਇਹ ਮਾਮਲਾ 2009 ਵਿਚ ਆਈ. ਪੀ. ਐੱਲ. ਨੂੰ ਭਾਰਤ ਤੋਂ ਦੱਖਣੀ ਅਫਰੀਕਾ ਲੈ ਕੇ ਜਾਣ ਨਾਲ ਜੁੜਿਆ ਹੋਇਆ ਹੈ। ਉਸ ਸਮੇਂ ਲੋਕ ਸਭਾ ਚੋਣਾਂ ਕਾਰਨ ਸੁਰੱਖਿਆ ਕਾਰਨਾਂ ਕਰ ਕੇ ਟੂਰਨਾਮੈਂਟ ਭਾਰਤ ਤੋਂ ਦੱਖਣੀ ਅਫਰੀਕਾ ਸ਼ਿਫਟ ਕੀਤਾ ਗਿਆ ਸੀ। ਇਸ ਦੇ ਆਯੋਜਨ ਲਈ ਬੀ. ਸੀ. ਸੀ. ਆਈ. ਨੇ ਦੱਖਣੀ ਅਫਰੀਕਾ ਵਿਚ ਲੱਗਭਗ 243.45 ਕਰੋੜ ਰੁਪਏ ਭੇਜੇ ਸਨ।

ਬਾਅਦ ਵਿਚ ਈ. ਡੀ. ਨੇ ਦੋਸ਼ ਲਾਇਆ ਸੀ ਕਿ ਇਹ ਰਕਮ ਭਾਰਤੀ ਰਿਜ਼ਰਵ ਬੈਂਕ ਦੀ ਅਗਾਊਂ ਮਨਜ਼ੂਰੀ ਤੋਂ ਬਿਨਾਂ ਵਿਦੇਸ਼ ਭੇਜੀ ਗਈ ਸੀ, ਜਿਸ ਨਾਲ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਉਲੰਘਣਾ ਹੋਈ। ਈ. ਡੀ. ਨੇ 2011 ਵਿਚ ਨੋਟਿਸ ਜਾਰੀ ਕੀਤਾ ਸੀ ਅਤੇ 2018 ਵਿਚ ਲਲਿਤ ਮੋਦੀ ਸਮੇਤ ਬੀ. ਸੀ. ਸੀ. ਆਈ. ਦੇ ਕੁੱਝ ਸਾਬਕਾ ਅਧਿਕਾਰੀਆਂ ’ਤੇ ਜੁਰਮਾਨਾ ਲਾਇਆ ਸੀ।


author

Inder Prajapati

Content Editor

Related News