''ਦੋ ਸ਼ਹੀਦ'' ਦੇਣ ਵਾਲੇ ਪਰਿਵਾਰ ਨਾਲ ਸਰਕਾਰੀ ਬੇਰੁਖ਼ੀ, 10 ਕਿਲੇ ਜ਼ਮੀਨ ਦਾ ਵਾਅਦਾ 64 ਸਾਲਾਂ ਬਾਅਦ ਵੀ ਅਧੂਰਾ

Friday, Jul 24, 2026 - 04:42 PM (IST)

''ਦੋ ਸ਼ਹੀਦ'' ਦੇਣ ਵਾਲੇ ਪਰਿਵਾਰ ਨਾਲ ਸਰਕਾਰੀ ਬੇਰੁਖ਼ੀ, 10 ਕਿਲੇ ਜ਼ਮੀਨ ਦਾ ਵਾਅਦਾ 64 ਸਾਲਾਂ ਬਾਅਦ ਵੀ ਅਧੂਰਾ

ਲੰਡਨ/ਖਰੜ - ਸਰਬਜੀਤ ਸਿੰਘ ਬਨੂੜ- ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਫੌਜੀ ਜਵਾਨਾਂ ਨੂੰ ਸਰਕਾਰਾਂ ਵੱਲੋਂ ਸਨਮਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੰਭਾਲ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜਦੋਂ ਹਕੀਕਤ ਸਾਹਮਣੇ ਆਉਂਦੀ ਹੈ ਤਾਂ ਕਈ ਵਾਰ ਇਹ ਦਾਅਵੇ ਕਾਗਜ਼ਾਂ ਤੱਕ ਹੀ ਸੀਮਤ ਨਜ਼ਰ ਆਉਂਦੇ ਹਨ। 1962 ਦੀ ਭਾਰਤ-ਚੀਨ ਜੰਗ ਵਿੱਚ ਸ਼ਹੀਦ ਹੋਏ ਨਾਇਕ ਭਾਗ ਸਿੰਘ ਦੇ ਪਰਿਵਾਰ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ, ਜਿੱਥੇ ਇੱਕ ਸ਼ਹੀਦ ਦੀ ਕੁਰਬਾਨੀ ਤੋਂ ਬਾਅਦ ਵੀ ਉਸ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਸਕਿਆ।

ਬਡਾਲੀ (ਤਹਿਸੀਲ ਖਰੜ, ਮੌਜੂਦਾ ਜ਼ਿਲ੍ਹਾ ਰੂਪਨਗਰ) ਦੇ ਵਸਨੀਕ ਹਜ਼ਾਰਾ ਸਿੰਘ ਦਾ ਪੁੱਤਰ ਨਾਇਕ ਭਾਗ ਸਿੰਘ 21 ਨਵੰਬਰ 1962 ਨੂੰ ਭਾਰਤ-ਚੀਨ ਜੰਗ ਦੌਰਾਨ ਦੁਸ਼ਮਣ ਨਾਲ ਲੜਦਿਆਂ ਸ਼ਹੀਦ ਹੋ ਗਿਆ। ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਸ਼ੋਕ ਸੰਦੇਸ਼ ਨੂੰ ਫੌਜ ਵੱਲੋਂ 29 ਅਗਸਤ 1963 ਨੂੰ ਭੇਜੇ ਗਏ ਸ਼ੋਕ-ਪੱਤਰ ਵਿੱਚ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਉਹ 4 ਸਿੱਖ ਲਾਈਟ ਇਨਫੈਂਟਰੀ ਵਿੱਚ ਸੇਵਾ ਨਿਭਾਉਂਦਿਆਂ ਦੁਸ਼ਮਣ ਦੀ ਕਾਰਵਾਈ ਦੌਰਾਨ ਸ਼ਹੀਦ ਹੋਏ ਸਨ।

ਉਸ ਵੇਲੇ ਸਰਕਾਰ ਵੱਲੋਂ ਸ਼ਹੀਦ ਪਰਿਵਾਰਾਂ ਨੂੰ 10 ਕਿਲੇ ਜ਼ਮੀਨ ਅਲਾਟ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਪਰਿਵਾਰ ਦਾ ਦੋਸ਼ ਹੈ ਕਿ ਇਹ ਵਾਅਦਾ ਅੱਜ ਤੱਕ ਹਕੀਕਤ ਨਹੀਂ ਬਣ ਸਕਿਆ। ਬੁਜ਼ੁਰਗ ਪਿਤਾ ਹਜ਼ਾਰਾ ਸਿੰਘ ਉਮਰ ਭਰ ਸਰਕਾਰੀ ਦਫ਼ਤਰਾਂ ਦੇ ਚੱਕਰ ਲਾਉਂਦਾ ਰਿਹਾ ਪਰ ਜ਼ਮੀਨ ਦਾ ਇੱਕ ਟੁਕੜਾ ਵੀ ਉਸ ਦੇ ਹੱਥ ਨਾ ਆਇਆ ਅਤੇ ਆਖ਼ਰਕਾਰ ਉਹ ਇਨਸਾਫ਼ ਦੀ ਉਡੀਕ ਕਰਦਿਆਂ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ।

ਉੱਧਰ ਸ਼ਹੀਦ ਭਾਗ ਸਿੰਘ ਦੀ ਪਤਨੀ ਬੀਬੀ ਜਰਨੈਲ ਕੌਰ ਨੂੰ ਪਰਿਵਾਰਕ ਹਾਲਾਤਾਂ ਕਾਰਨ ਪੇਕੇ ਘਰ ਲਿਜਾ ਕੇ ਦੂਜਾ ਵਿਆਹ ਕਰ ਦਿੱਤਾ ਗਿਆ। ਫਿਰ ਵੀ ਅਦਾਲਤ ਨੇ ਇੱਕ ਅਹਿਮ ਫ਼ੈਸਲਾ ਦਿੰਦਿਆਂ ਸ਼ਹੀਦ ਦੀ ਪੈਨਸ਼ਨ ’ਤੇ ਪਿਤਾ ਅਤੇ ਪਤਨੀ ਦੋਵਾਂ ਦਾ ਹੱਕ ਮੰਨਿਆ ਅਤੇ ਹੁਕਮ ਦਿੱਤਾ ਕਿ ਜਦੋਂ ਤੱਕ ਦੋਵੇਂ ਜਿਉਂਦੇ ਹਨ, ਪੈਨਸ਼ਨ ਬਰਾਬਰ-ਬਰਾਬਰ ਦਿੱਤੀ ਜਾਵੇ। ਪੈਨਸ਼ਨ ਦਾ ਹੱਕ ਤਾਂ ਮਿਲ ਗਿਆ, ਪਰ ਪਰਿਵਾਰ ਦਾ ਕਹਿਣਾ ਹੈ ਕਿ ਜ਼ਮੀਨ ਦੀ ਅਲਾਟਮੈਂਟ ਨੂੰ ਮਨਜ਼ੂਰੀ ਮਿਲਣ ਦੇ ਬਾਵਜੂਦ ਅੱਜ ਤੱਕ ਅਮਲ ਨਹੀਂ ਹੋਇਆ।

ਇਸ ਪਰਿਵਾਰ ਦੀ ਦੇਸ਼ ਸੇਵਾ ਦੀ ਕਹਾਣੀ ਇੱਥੇ ਹੀ ਖ਼ਤਮ ਨਹੀਂ ਹੁੰਦੀ। ਸ. ਹਰਨਾਮ ਸਿੰਘ ਅਤੇ ਉਨ੍ਹਾਂ ਦੀ ਪਤਨੀ ਇੰਦ ਕੌਰ ਦੇ ਅੱਠ ਪੁੱਤਰਾਂ ਵਿੱਚੋਂ ਸੱਤ ਨੇ ਭਾਰਤੀ ਫੌਜ ਵਿੱਚ ਸੇਵਾ ਨਿਭਾਈ। ਇਨ੍ਹਾਂ ਵਿੱਚੋਂ ਸ. ਕਰੋੜਾ ਸਿੰਘ ਦੂਜੇ ਵਿਸ਼ਵ ਯੁੱਧ ਦੌਰਾਨ ਮਿਸਰ (ਈਜਿਪਟ) ਵਿੱਚ ਸ਼ਹੀਦ ਹੋਏ, ਜਦਕਿ ਉਨ੍ਹਾਂ ਦੇ ਭਤੀਜੇ ਨਾਇਕ ਭਾਗ ਸਿੰਘ ਨੇ 1962 ਦੀ ਜੰਗ ਵਿੱਚ ਦੇਸ਼ ਲਈ ਸਰਵਉੱਚ ਕੁਰਬਾਨੀ ਦਿੱਤੀ। ਇਸ ਤਰ੍ਹਾਂ ਇੱਕੋ ਪਰਿਵਾਰ ਨੇ ਚਾਚਾ-ਭਤੀਜੇ ਦੇ ਰੂਪ ਵਿੱਚ ਦੋ ਸ਼ਹਾਦਤਾਂ ਦੇਸ਼ ਦੀ ਝੋਲੀ ਵਿੱਚ ਪਾਈਆਂ, ਪਰ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਉਹ ਸਨਮਾਨ ਅਤੇ ਹੱਕ ਨਹੀਂ ਮਿਲੇ, ਜਿਸ ਦੇ ਉਹ ਹੱਕਦਾਰ ਸਨ। ਪਰਿਵਾਰ ਦਾ ਕਹਿਣਾ ਹੈ ਕਿ ਜੇ ਸਰਕਾਰ ਸੱਚਮੁੱਚ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕਰਨਾ ਚਾਹੁੰਦੀ ਹੈ ਤਾਂ ਪਹਿਲਾਂ ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਕੀਤੇ ਵਾਅਦੇ ਪੂਰੇ ਕਰੇ, ਜਿਨ੍ਹਾਂ ਨੇ ਆਪਣਾ ਸਭ ਕੁਝ ਦੇਸ਼ ਲਈ ਕੁਰਬਾਨ ਕਰ ਦਿੱਤਾ। ਅੱਜ ਵੀ ਸ਼ਹੀਦ ਭਾਗ ਸਿੰਘ ਦੀ ਪਤਨੀ ਦੀਆਂ ਨਜ਼ਰਾਂ ਭਾਰਤ ਸਰਕਾਰ ਅਤੇ ਫੌਜ ਦੇ ਉਸ ਫ਼ੈਸਲੇ ’ਤੇ ਟਿਕੀਆਂ ਹੋਈਆਂ ਹਨ, ਜਿਸ ਦੀ ਉਡੀਕ ਕਰਦਿਆਂ ਛੇ ਦਹਾਕਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ।

1991 ਵਿੱਚ ਵੀ ਉੱਠਿਆ ਸੀ ਮੁੱਦਾ, ਫਿਰ ਵੀ ਨਹੀਂ ਮਿਲਿਆ ਇਨਸਾਫ਼

ਹੈਰਾਨੀ ਦੀ ਗੱਲ ਹੈ ਕਿ 30 ਸਤੰਬਰ 1991 ਨੂੰ ਪੰਜਾਬ ਦੇ ਅਖ਼ਬਾਰਾਂ ਵਿੱਚ “ਸ਼ਿਕਾਇਤਾਂ ਦਾ ਮੌਕੇ ’ਤੇ ਨਿਪਟਾਰਾ” ਸਿਰਲੇਖ ਹੇਠ ਸ਼ਹੀਦ ਪਰਿਵਾਰਾਂ ਨੂੰ ਐਲਾਨੀ ਗਈ ਜ਼ਮੀਨ ਨਾ ਮਿਲਣ ਦਾ ਮੁੱਦਾ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਹੋਇਆ ਸੀ। ਉਸ ਸਮੇਂ ਵੀ ਸਰਕਾਰੀ ਅਧਿਕਾਰੀਆਂ ਅੱਗੇ ਇਹ ਸ਼ਿਕਾਇਤ ਰੱਖੀ ਗਈ ਕਿ ਕਈ ਸ਼ਹੀਦ ਪਰਿਵਾਰ ਅਜੇ ਤੱਕ ਸਰਕਾਰ ਵੱਲੋਂ ਵਾਅਦਾ ਕੀਤੀ ਜ਼ਮੀਨ ਤੋਂ ਵਾਂਝੇ ਹਨ। ਪਰਿਵਾਰ ਨੂੰ ਭਰੋਸਾ ਤਾਂ ਦਿੱਤਾ ਗਿਆ, ਪਰ ਦਹਾਕਿਆਂ ਬੀਤ ਜਾਣ ਦੇ ਬਾਵਜੂਦ ਨਾਇਕ ਭਾਗ ਸਿੰਘ ਦੇ ਪਰਿਵਾਰ ਦੇ ਹਿੱਸੇ ਦਾ ਇਨਸਾਫ਼ ਅੱਜ ਵੀ ਸਰਕਾਰੀ ਫਾਈਲਾਂ ਵਿੱਚ ਹੀ ਕੈਦ ਹੈ। 1962 ਦੀ ਸ਼ਹਾਦਤ ਤੋਂ ਬਾਅਦ 1991 ਵਿੱਚ ਵੀ ਇਹ ਮੁੱਦਾ ਸਰਕਾਰੀ ਦਰਬਾਰ ਤੱਕ ਪਹੁੰਚਿਆ, ਪਰ 2026 ਤੱਕ ਵੀ ਨਾ ਜ਼ਮੀਨ ਮਿਲੀ ਤੇ ਨਾ ਹੀ ਵਾਅਦਾ ਪੂਰਾ ਹੋਇਆ। ਇਹ ਸਵਾਲ ਅੱਜ ਵੀ ਬਰਕਰਾਰ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨਾਲ ਕੀਤੇ ਵਾਅਦੇ ਆਖ਼ਰ ਕਦੋਂ ਨਿਭਾਏ ਜਾਣਗੇ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News