ਕਾਰਾਂ, ਕਾਸਮੈਟਿਕਸ ਸਣੇ ਕਈ ਚੀਜ਼ਾਂ ਹੋ ਜਾਣਗੀਆਂ ਸਸਤੀਆਂ ! ਭਲਕੇ ਤੋਂ ਭਾਰਤ-UK ਵਿਚਾਲੇ FTA ਲਾਗੂ
Tuesday, Jul 14, 2026 - 05:01 PM (IST)
ਨਵੀਂ ਦਿੱਲੀ- ਭਾਰਤ ਅਤੇ ਬ੍ਰਿਟੇਨ (UK) ਵਿਚਾਲੇ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ (ਸੀਈਟੀਏ) 15 ਜੁਲਾਈ 2026 ਤੋਂ ਲਾਗੂ ਹੋ ਜਾਵੇਗਾ। ਕਈ ਦੌਰ ਦੀ ਗੱਲਬਾਤ ਤੋਂ ਬਾਅਦ 25 ਜੁਲਾਈ 2025 ਨੂੰ ਇਸ ਸਮਝੌਤੇ 'ਤੇ ਦੋਵਾਂ ਦੇਸ਼ਾਂ ਨੇ ਦਸਤਖ਼ਤ ਕੀਤੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ 'ਚ ਲਾਗੂ ਹੋਣ ਵਾਲਾ ਇਹ 6ਵਾਂ ਮੁਕਤ ਵਪਾਰ ਸਮਝੌਤਾ ਹੈ। ਇਸ ਤੋਂ ਪਹਿਲਾਂ ਭਾਰਤ ਮਾਰੀਸ਼ਸ, ਸੰਯੁਕਤ ਅਰਬ ਅਮੀਰਾਤ (ਯੂਏਈ), ਆਸਟ੍ਰੇਲੀਆ, ਯੂਰਪੀਅਨ ਮੁਕਤ ਵਪਾਰ ਸੰਘ (ਈਐੱਫਟੀਏ) ਅਤੇ ਓਮਾਨ ਨਾਲ ਅਜਿਹੇ ਸਮਝੌਤੇ ਲਾਗੂ ਕਰ ਚੁੱਕਿਆ ਹੈ।
ਸਭ ਤੋਂ ਮਹੱਤਵਪੂਰਨ ਵਪਾਰ ਸਮਝੌਤਾ
ਭਾਰਤ ਅਤੇ ਬ੍ਰਿਟੇਨ ਵਿਚਾਲੇ ਇਸ ਸਮਝੌਤੇ ਨੂੰ ਹਾਲ ਹੀ ਦੇ ਸਾਲਾਂ 'ਚ ਸਭ ਤੋਂ ਮਹੱਤਵਪੂਰਨ ਵਪਾਰ ਸਮਝੌਤਿਆਂ 'ਚੋਂ ਇਕ ਮੰਨਿਆ ਜਾ ਰਿਹਾ ਹੈ। ਇਸ ਦੇ ਲਾਗੂ ਹੋਣ ਨਾਲ ਭਾਰਤ ਦੇ ਲਗਭਗ 99 ਫੀਸਦੀ ਨਿਰਯਾਤ ਲਈ ਬ੍ਰਿਟੇਨ ਦੇ ਬਾਜ਼ਾਰ 'ਚ ਡਿਊਟੀ-ਮੁਕਤ ਪਹੁੰਚ ਮਿਲੇਗੀ। ਸੀਈਟੀਏ ਦੇ ਲਾਗੂ ਹੋਣ ਨਾਲ ਕੱਪੜੇ, ਟੈਕਸਟਾਈਲ, ਜੁੱਤੇ, ਕਾਰਪੇਟ, ਪ੍ਰੋਸੈਸਡ ਫੂਡ ਉਤਪਾਦ, ਅਨਾਜ, ਸਬਜ਼ੀਆਂ, ਫਲ, ਮਸਾਲੇ, ਮੱਛੀ, ਮਾਸ ਅਤੇ ਉਨ੍ਹਾਂ ਦੇ ਪ੍ਰੋਸੈਸਡ ਉਤਪਾਦਾਂ ਵਰਗੇ ਖੇਤਰਾਂ ਨੂੰ ਹੁਣ ਬ੍ਰਿਟੇਨ ਦੇ ਬਾਜ਼ਾਰ 'ਚ ਪੂਰੀ ਤਰ੍ਹਾਂ ਡਿਊਟੀ-ਮੁਕਤ ਪਹੁੰਚ ਸਕਣਗੇ। ਹੁਣ ਤੱਕ ਇਨ੍ਹਾਂ ਉਤਪਾਦਾਂ 'ਚ 4 ਤੋਂ 16 ਫੀਸਦੀ ਤੱਖ ਦਰਾਮਦ ਡਿਊਟੀ ਲਗਾਈ ਜਾਂਦੀ ਹੈ।
ਚਾਕਲੇਟ, ਕਾਸਮੈਟਿਕਸ ਸਾਮਾਨ ਹੋਣਗੇ ਸਸਤੇ
ਵਾਹਨ ਅਤੇ ਉਨ੍ਹਾਂ ਦੇ ਹਿੱਸੇ, ਮਸ਼ੀਨਰੀ, ਇਲੈਕਟ੍ਰਾਨਿਕਸ, ਧਾਤ ਦੇ ਉਤਪਾਦਾਂ ਦੇ ਨਾਲ-ਨਾਲ ਸਿਰੇਮਿਕਸ, ਕੱਚ, ਪੱਥਰ ਅਤੇ ਸੀਮੈਂਟ ਉਤਪਾਦਾਂ ਦੇ ਖੇਤਰ ਨੂੰ ਵੀ ਇਸ ਸਮਝੌਤੇ ਤੋਂ ਲਾਭ ਮਿਲੇਗਾ। ਉੱਥੇ ਹੀ ਬ੍ਰਿਟੇਨ ਤੋਂ ਆਯਾਤ ਹੋਣ ਵਾਲੇ ਬਹੁਤ ਸਾਰੇ ਉਤਪਾਦ, ਜਿਵੇਂ ਕਿ ਸੈਲਮਨ ਮੱਛੀ, ਮਸ਼ੀਨਰੀ, ਇਲੈਕਟ੍ਰਾਨਿਕਸ, ਚਾਕਲੇਟ, ਸਾਫਟ ਡਰਿੰਕਸ, ਕਾਸਮੈਟਿਕਸ, ਸਾਬਣ, ਪਰਫਿਊਮ, ਸ਼ੇਵਿੰਗ ਕਰੀਮ ਅਤੇ ਨੇਲ ਪਾਲਿਸ਼, ਭਾਰਤੀ ਬਾਜ਼ਾਰ 'ਚ ਸਸਤੇ ਹੋ ਸਕਦੇ ਹਨ। ਭਾਰਤ ਅਗਲੇ 10 ਸਾਲਾਂ 'ਚ ਬ੍ਰਿਟੇਨ ਤੋਂ ਆਯਾਤ ਕੀਤੀ ਜਾਣ ਵਾਲੀ ਚਾਂਦੀ 'ਤੇ ਲੱਗਣ ਵਾਲੀ ਡਿਊਟੀ ਨੂੰ ਪੜਾਅਵਾਰ ਖਤਮ ਕਰ ਦੇਵੇਗਾ। ਬ੍ਰਿਟੇਨ ਤੋਂ ਭਾਰਤ ਆਉਣ ਵਾਲੇ ਮੁੱਖ ਆਯਾਤ ਉਤਪਾਦਾਂ 'ਚ ਚਾਂਦੀ ਵੀ ਸ਼ਾਮਲ ਹੈ।
ਕਾਰਾਂ ਹੋਣਗੀਆਂ ਸਸਤੀਆਂ
ਐੱਫਟੀਏ 'ਚ ਭਾਰਤ ਨੇ ਬ੍ਰਿਟੇਨ 'ਚ ਬਣੀਆਂ ਪੂਰੀ ਤਰ੍ਹਾਂ ਤਿਆਰ ਕਾਰਾਂ ਅਤੇ ਟਰੱਕਾਂ 'ਤੇ ਆਯਾਤ ਡਿਊਟੀਆਂ 'ਚ ਵੱਡੀ ਕਮੀ ਕਰਨ 'ਤੇ ਸਹਿਮਤੀ ਜਤਾਈ ਹੈ। ਇਹ ਡਿਊਟੀ ਹੌਲੀ-ਹੌਲੀ 110 ਫੀਸਦੀ ਤੋਂ ਘਟਾ ਕੇ 10 ਫੀਸਦੀ ਕਰ ਦਿੱਤੀ ਜਾਵੇਗੀ। ਇਹ ਕਿਸੇ ਵੀ ਐੱਫਟੀਏ 'ਚ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਆਟੋਮੋਬਾਈਲ ਸੈਕਟਰ 'ਚ ਅਜਿਹਾ ਫੈਸਲਾ ਲਿਆ ਹੈ। ਭਾਰਤ ਅਤੇ ਬ੍ਰਿਟੇਨ ਵਿਚਾਲੇ ਕੁੱਲ ਵਪਾਰ ਵਿੱਤੀ ਸਾਲ 2025-26 'ਚ 8.62 ਫੀਸਦੀ ਵਧ ਕੇ 25.12 ਬਿਲੀਅਨ ਅਮਰੀਕੀ ਡਾਲਰ ਹੋ ਗਿਆ, ਜੋ ਵਿੱਤੀ ਸਾਲ 2024-25 ਵਿੱਚ 23.13 ਅਰਬ ਡਾਲਰ ਸੀ। ਹਾਲਾਂਕਿ, ਇਸੇ ਮਿਆਦ 'ਚ ਭਾਰਤ ਦਾ ਬ੍ਰਿਟੇਨ ਨੂੰ ਨਿਰਯਾਤ 7.6 ਫੀਸਦੀ ਘੱਟ ਕੇ 13.44 ਅਰਬ ਡਾਲਰ ਰਹਿ ਗਿਆ। ਉੱਥੇ ਹੀ ਬ੍ਰਿਟੇਨ ਤੋਂ ਭਾਰਤ ਦਾ ਆਯਾਤ 36.11 ਫੀਸਦੀ ਵਧ ਕੇ 11.68 ਅਰਬ ਡਾਲਰ ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
