ਲਾਹੌਰ ''ਚ ਹੋ ਸਕਦੇ ਹਨ ਕੋਰੋਨਾ ਦੇ ਬਿਨਾਂ ਲੱਛਣਾਂ ਵਾਲੇ 6.7 ਲੱਖ ਮਾਮਲੇ

6/2/2020 8:15:55 PM

ਲਾਹੌਰ (ਭਾਸ਼ਾ): ਇਕ ਸਰਕਾਰੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਲਾਹੌਰ ਵਿਚ ਬਿਨਾਂ ਲੱਛਣਾਂ ਵਾਲੇ ਕੋਰੋਨਾ ਦੇ ਤਕਰੀਬਨ 6.7 ਲੱਖ ਮਾਮਲੇ ਹੋ ਸਕਦੇ ਹਨ। ਰਿਪੋਰਟ ਵਿਚ ਇਸ ਬਾਰੇ ਪੰਜਾਬ ਸੂਬੇ ਦੀ ਸਰਕਾਰ ਤੇ ਅਧਿਕਾਰੀਆਂ ਨੂੰ ਸਾਵਧਾਨ ਕੀਤਾ ਗਿਆ ਹੈ ਕਿ ਇਨਫੈਕਸ਼ਨ ਦੇ ਮਾਮਲਿਆਂ ਵਿਚ ਅਚਾਨਕ ਵਾਧੇ ਨੂੰ ਦੇਖਦੇ ਹੋਏ ਸਿਹਤ ਸੁਵਿਧਾਵਾਂ ਦੀ ਤਿਆਰੀ ਪੁਖਤਾ ਕੀਤੀ ਜਾਵੇ। 

ਲਾਹੌਰ ਪੰਜਾਬ ਦੀ ਰਾਜਧਾਨੀ ਹੈ, ਜਿਥੇ ਹੁਣ ਤੱਕ 27,850 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਪਾਕਿਸਤਾਨ ਵਿਚ ਮੰਗਲਵਾਰ ਨੂੰ ਕੋਵਿਡ-19 ਦੇ 3,938 ਤਾਜ਼ਾ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 76,398 ਹੋ ਗਈ। ਦੇਸ਼ ਵਿਚ ਹੁਣ ਤੱਕ ਇਨਫੈਕਸ਼ਨ ਕਾਰਣ 1,621 ਮੌਤਾਂ ਹੋ ਚੁੱਕੀਆਂ ਹਨ। ਪੰਜਾਬ ਦੇ ਸਿਹਤ ਵਿਭਾਗ ਵਲੋਂ ਸੋਮਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਦਾ ਪਤਾ ਲਗਾਉਣ ਲਈ ਲਾਹੌਰ ਦੇ ਵਧੇਰੇ ਸਥਾਨਾਂ 'ਤੇ ਹਾਲ ਹੀ ਵਿਚ ਸਰਵੇਖਣ ਕੀਤਾ ਗਿਆ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਉਨ੍ਹਾਂ ਦੇ ਫੀਸਦੀ ਨੂੰ ਦੇਖਦੇ ਹੋਏ ਅੰਦਾਜ਼ਾ ਲਾਇਆ ਗਿਆ ਹੈ ਕਿ ਲਾਹੌਰ ਵਿਚ ਕੋਵਿਡ-19 ਦੇ ਬਿਨਾਂ ਲੱਛਣ ਵਾਲੇ 6.7 ਮਰੀਜ਼ ਹੋ ਸਕਦੇ ਹਨ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਨਫੈਕਸ਼ਨ ਦੇ ਵਧਦੇ ਹੋਏ ਮਾਮਲਿਆਂ ਨੂੰ ਦੇਖਦੇ ਹੋਏ ਖਾਸਕਰਕੇ ਲਾਹੌਰ ਵਿਚ ਇਹ ਸੁਝਾਅ ਦਿੱਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਕਿਸੇ ਵੀ ਤਰ੍ਹਾਂ ਦੇ ਅਚਾਨਕ ਪੈਦਾ ਹੋਏ ਹਾਲਾਤ ਲਈ ਸਾਰੀਆਂ ਸਿਹਤ ਸੁਵਿਧਾਵਾਂ ਨੂੰ ਸਮਾਂ ਰਹਿੰਦੇ ਤਿਆਰ ਕੀਤਾ ਜਾਵੇ। ਸਰਵੇਖਣ ਰਿਪੋਰਟ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜਦਾਰ ਨੂੰ ਪਿਛਲੇ ਮਹੀਨੇ ਸੌਂਪ ਦਿੱਤੀ ਗਈ ਸੀ।


Baljit Singh

Content Editor Baljit Singh