ਕ੍ਰੇਮਲਿਨ ਨੇ ਯੂਕਰੇਨ ''ਤੇ ਹਮਲੇ ਦੀ ਯੋਜਨਾ ਤੋਂ ਕੀਤਾ ਇਨਕਾਰ, ਨਾਟੋ ''ਤੇ ਲਗਾਇਆ ਧਮਕੀ ਦਾ ਦੋਸ਼
Friday, Nov 12, 2021 - 08:20 PM (IST)
ਮਾਸਕੋ - ਕ੍ਰੇਮਲਿਨ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਕਿ ਯੂਕਰੇਨ ਦੀ ਸਰਹੱਦ ਨੇੜੇ ਰੂਸੀ ਸੈਨਿਕਾਂ ਦੀ ਤਾਇਨਾਤੀ ਮਾਸਕੋ ਦੇ ਹਮਲਾਵਰ ਰੁਖ ਦਾ ਪ੍ਰਤੀਬਿੰਬ ਸੀ। ਨਾਲ ਹੀ ਕਿਹਾ ਕਿ ਰੂਸ ਨਾਟੋ ਦੀ ਕਥਿਤ ਧਮਕੀ ਦੇ ਜਵਾਬ ਵਿੱਚ ਆਪਣੀ ਸੁਰੱਖਿਆ ਯਕੀਨੀ ਕਰਨਾ ਚਾਹੁੰਦਾ ਹੈ। ਕ੍ਰੇਮਲਿਨ (ਰੂਸੀ ਰਾਸ਼ਟਰਪਤੀ ਦਾ ਦਫ਼ਤਰ) ਦੇ ਬੁਲਾਰਾ ਦਮਿਤਰੀ ਪੇਸਕੋਵ ਨੇ ਪੱਛਮੀ ਮੀਡੀਆ ਦੀਆਂ ਉਨ੍ਹਾਂ ਖਬਰਾਂ ਦਾ ਖੰਡਨ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ‘‘ਮਾਸਕੋ ਕਥਿਤ ਤੌਰ 'ਤੇ ਯੂਕਰੇਨ 'ਤੇ ਹਮਲਾ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ‘‘ਇਹ ਤਣਾਅ ਵਧਾਉਣ ਲਈ ਝੂਠੀ ਅਤੇ ਤੱਥਹੀਣ ਖ਼ਬਰ ਹੈ।
ਪ੍ਰੈਸ ਕਾਨਫਰੰਸ ਵਿੱਚ ਪੇਸਕੋਵ ਨੇ ਕਿਹਾ, ‘‘ਰੂਸ ਨੇ ਕਿਸੇ ਨੂੰ ਧਮਕੀ ਨਹੀਂ ਦਿੱਤੀ ਹੈ। ਸਾਡੇ ਇਲਾਕੇ ਵਿੱਚ ਸੈਨਿਕਾਂ ਦੀ ਗਤੀਵਿਧੀ ਨਾਲ ਕਿਸੇ ਨੂੰ ਚਿੰਤਤ ਹੋਣ ਦੀ ਜ਼ਰੂਰਤ ਨਹੀਂ ਹੈ।'' ਜ਼ਿਕਰਯੋਗ ਹੈ ਕਿ ਯੂਕਰੇਨ ਨੇ ਪਿਛਲੇ ਹਫ਼ਤੇ ਸ਼ਿਕਾਇਤ ਕੀਤੀ ਸੀ ਕਿ ਰੂਸ ਨੇ ਉਸਦੀ ਸਰਹੱਦ ਨੇੜੇ ਜੰਗੀ ਅਭਿਆਸ ਕਰਨ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਸੈਨਿਕਾਂ ਦੀ ਨਿਯੁਕਤੀ ਕਾਇਮ ਰੱਖੀ ਹੈ ਤਾਂਕਿ ਉਹ ਉਸ 'ਤੇ ਹੋਰ ਦਬਾਅ ਬਣਾ ਸਕੇ। ਰੂਸ ਨੇ ਸਾਲ 2014 ਵਿੱਚ ਯੂਕਰੇਨ ਦੇ ਕ੍ਰੀਮੀਅਨ ਪ੍ਰਾਇਦੀਪ ਨੂੰ ਆਪਣੇ ਦੇਸ਼ ਵਿੱਚ ਸ਼ਾਮਲ ਕਰ ਲਿਆ ਸੀ ਅਤੇ ਪੂਰਬੀ ਯੂਕਰੇਨ ਵਿੱਚ ਉਭਰੇ ਵੱਖਵਾਦੀ ਕੱਟੜਵਾਦ ਨੂੰ ਸਮਰਥਨ ਦਿੱਤਾ ਸੀ।
ਯੂਕਰੇਨ ਦੇ ਰੱਖਿਆ ਮੰਤਰਾਲਾ ਨੇ ਦਾਅਵਾ ਕੀਤਾ ਸੀ ਕਿ ਕਰੀਬ 90 ਹਜ਼ਾਰ ਰੂਸੀ ਫੌਜੀ, ਵਿਦਰੋਹੀਆਂ ਦੁਆਰਾ ਨਿਅੰਤਰਿਤ ਪੂਰਬੀ ਯੂਕਰੇਨ ਨਾਲ ਲੱਗਦੀ ਸਰਹੱਦ ਦੇ ਕਰੀਬ ਤਾਇਨਾਤ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਸ ਹਫਤੇ ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੂੰ ਭਰੋਸਾ ਦਿੱਤਾ ਸੀ ਕਿ ਵਾਸ਼ਿੰਗਟਨ ਯੂਕਰੇਨ ਦੀ ਸੁਰੱਖਿਆ ਅਤੇ ਖੇਤਰੀ ਅਖੰਡਤਾ ਨੂੰ ਲੈ ਕੇ ਵਚਨਬੱਧ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।