ਨੇਪਾਲ : ਅੰਨਪੂਰਣਾ ਖੇਤਰ 'ਚ ਬਰਫ ਦੇ ਤੋਦੇ ਡਿਗਣ ਕਾਰਨ 4 ਕੋਰੀਆਈ ਨਾਗਰਿਕਾਂ ਦੀ ਮੌਤ

01/18/2020 1:44:00 PM

ਕਾਠਮੰਡੂ— ਨੇਪਾਲ ਦੇ ਅੰਨਪੂਰਣਾ ਖੇਤਰ 'ਚ ਬਰਫ ਦੇ ਤੋਦੇ ਡਿਗਣ ਕਾਰਨ ਦੱਖਣੀ ਕੋਰੀਆਈ ਨਾਗਰਿਕਾਂ ਸਣੇ ਘੱਟ ਤੋਂ ਘੱਟ 7 ਲੋਕ ਲਾਪਤਾ ਹੋ ਗਏ ਸਨ,ਜਿਨ੍ਹਾਂ ‘ਚੋ੍ਂ 4 ਕੋਰੀਆਈ ਨਾਗਰਿਕਾਂ ਦੀ ਮੌਤ ਹੋਣ ਦੀ ਖਬਰ ਹੈ। ਦੱਖਣੀ ਕੋਰੀਆ ਦੇ ਸਿੱਖਿਆ ਵਿਭਾਗ ਨੇ ਦੱਸਿਆ ਕਿ ਚਾਰੋਂ ਨਾਗਰਿਕ ਵਲੰਟੀਅਰ ਅਧਿਆਪਕ ਸਨ ਤੇ ਨੇਪਾਲ 'ਚ ਬੱਚਿਆਂ ਨੂੰ ਪੜ੍ਹਾ ਰਹੇ ਸਨ। ਦੱਖਣੀ ਕੋਰੀਆ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਹੈ ਕਿ ਇਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਹੋਈ ਬਰਫਬਾਰੀ ਦੇ ਕਾਰਨ ਹਿਮਾਲਿਆ ਸ਼੍ਰੇਣੀ ਦੀਆਂ ਸਭ ਤੋਂ ਉੱਚੀਆਂ ਚੋਟੀਆਂ 'ਚੋਂ ਇਕ ਅੰਨਪੂਰਣਾ ਦੇ ਕੈਂਪ ਕੋਲ ਇਹ ਹਾਦਸਾ ਵਾਪਰਿਆ। ਆਧਾਰ ਕੈਂਪ ਤਕਰੀਬਨ 3,230 ਮੀਟਰ ਦੀ ਉਚਾਈ 'ਤੇ ਸਥਿਤ ਹੈ। ਨੇਪਾਲ ਦੇ ਸੈਲਾਨੀ ਵਿਭਾਗ ਦੀ ਮੀਰਾ ਧਕਲ ਨੇ ਦੱਸਿਆ,'ਸਾਨੂੰ ਸੂਚਨਾ ਮਿਲੀ ਹੈ ਕਿ ਹਾਦਸੇ ਦੇ ਚਾਰ ਦੱਖਣੀ ਕੋਰੀਆਈ ਅਤੇ ਤਿੰਨ ਨੇਪਾਲੀ ਨਾਗਰਿਕਾਂ ਨਾਲੋਂ ਸੰਪਰਕ ਟੁੱਟ ਗਿਆ । ਕੱਲ ਰਾਤ ਇਕ ਬਚਾਅ ਦਲ ਨੂੰ ਰਵਾਨਾ ਕੀਤਾ ਗਿਆ ਹੈ।''

ਸਥਾਨਕ ਪੁਲਸ ਮੁਖੀ ਦਾਨ ਬਹਾਦਰ ਕਾਰਕੀ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਬਚਾਅ ਕਾਰਜ ਪ੍ਰਭਾਵਿਤ ਹੋ ਰਿਹਾ ਹੈ। ਕਾਰਕੀ ਨੇ ਕਿਹਾ,''ਟੀਮ ਪੁੱਜਣ ਵਾਲੀ ਹੈ। ਅਸੀਂ ਇਕ ਹੈਲੀਕਾਪਟਰ ਵੀ ਤਿਆਰ ਰੱਖਿਆ ਹੈ, ਜਿਵੇਂ ਹੀ ਮੌਸਮ ਠੀਕ ਹੋਵੇਗਾ, ਅਸੀਂ ਉਡਾਣ ਭਰਾਂਗੇ।'' ਅੰਨਾਪੂਰਣਾ 'ਚ ਬਰਫ ਖਿਸਕਣਾ ਆਮ ਗੱਲ ਹੈ ਅਤੇ ਤਕਨੀਕੀ ਤੌਰ 'ਤੇ ਇਸ ਚੋਟੀ 'ਤੇ ਚੜ੍ਹਾਈ ਕਰਨਾ ਸਭ ਤੋਂ ਮੁਸ਼ਕਲ ਹੈ। ਇੱਥੋਂ ਤਕ ਕਿ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਐਵਰੈਸਟ ਦੇ ਮੁਕਾਬਲੇ ਇਸ 'ਤੇ ਚੜ੍ਹਾਈ ਕਰਨ ਵਾਲਿਆਂ ਦੇ ਮਰਨ ਦੀ ਗਿਣਤੀ ਬਹੁਤ ਜ਼ਿਆਦਾ ਹੈ।


Related News