ਕਿੰਗ ਚਾਰਲਸ III ਨੂੰ ਪਾਪੂਆ ਨਿਊ ਗਿਨੀ ਦਾ ਰਾਸ਼ਟਰ ਮੁਖੀ ਕੀਤਾ ਗਿਆ ਨਿਯੁਕਤ
Tuesday, Sep 13, 2022 - 02:13 PM (IST)
ਪੋਰਟ ਮੋਰਸਬੀ (ਏਜੰਸੀ)- ਪਾਪੂਆ ਨਿਊ ਗਿਨੀ ਦੇ ਨੇਤਾਵਾਂ ਨੇ ਮੰਗਲਵਾਰ ਨੂੰ ਮਰਹੂਮ ਮਹਾਰਾਣੀ ਐਲਿਜ਼ਾਬੈਥ II ਦੇ ਸਨਮਾਨ ਵਿੱਚ ਇੱਕ ਸਮਾਰੋਹ ਆਯੋਜਿਤ ਕੀਤਾ ਅਤੇ ਕਿੰਗ ਚਾਰਲਸ III ਨੂੰ ਦੇਸ਼ ਦਾ ਨਵਾਂ ਰਾਸ਼ਟਰ ਮੁਖੀ ਨਿਯੁਕਤ ਕੀਤਾ। ਰਾਜਧਾਨੀ ਪੋਰਟ ਮੋਰਸਬੀ ਵਿੱਚ ਸੰਸਦ ਦੇ ਬਾਹਰ ਆਯੋਜਿਤ ਸਮਾਗਮ ਵਿੱਚ ਗਵਰਨਰ ਜਨਰਲ ਬੌਬ ਡਾਦੇਈ ਅਤੇ ਪ੍ਰਧਾਨ ਮੰਤਰੀ ਜੇਮਸ ਮਾਰਪੇ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਪਾਪੂਆ ਏਸ਼ੀਆ ਅਤੇ ਪ੍ਰਸ਼ਾਂਤ ਵਿਚ ਉਨ੍ਹਾਂ 5 ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਰਾਜ ਦਾ ਮੁਖੀ ਬ੍ਰਿਟਿਸ਼ ਸਮਰਾਟ ਹੁੰਦਾ ਹੈ। ਇਨ੍ਹਾਂ ਦੇਸ਼ਾਂ ਵਿਚ ਆਸਟ੍ਰੇਲੀਆ, ਨਿਊਜ਼ੀਲੈਂਡ, ਸੋਲੋਮਨ ਟਾਪੂ, ਟੂਵਾਲੂ ਵੀ ਸ਼ਾਮਲ ਹਨ। ਮਾਰਪੇ ਨੇ ਕਿਹਾ ਕਿ ਮਹਾਰਾਣੀ ਨੇ ਪਾਪੂਆ ਨਿਊ ਗਿਨੀ ਦੇ ਰਾਸ਼ਟਰ ਮੁਖੀ ਵਜੋਂ ਆਪਣੇ ਫਰਜ਼ਾਂ ਦੀ ਮਿਸਾਲ ਦਿੱਤੀ।
ਉਨ੍ਹਾਂ ਕਿਹਾ ਕਿ ਇਹ ਸਾਰੇ ਲੋਕ ਮਹਾਰਾਣੀ ਦੇ ਦਿਹਾਂਤ 'ਤੇ ਸੋਗ ਜਤਾਉਣ ਅਤੇ ਕਿੰਗ ਚਾਰਲਸ ਤੀਜੇ ਦੇ ਗੱਦੀ 'ਤੇ ਬੈਠਣ ਦੇ ਗਵਾਹ ਬਣਨ ਅਤੇ ਇਸ ਨੂੰ ਸਵੀਕਾਰ ਕਰਨ ਲਈ ਇਕੱਠੇ ਹੋਏ ਹਨ। ਸਥਾਨਕ ਮੀਡੀਆ ਮੁਤਾਬਕ ਮਾਰਪੇ ਅਤੇ ਹੋਰ ਨੇਤਾ ਸ਼ੁੱਕਰਵਾਰ ਨੂੰ ਚਾਰਲਸ ਨਾਲ ਮੁਲਾਕਾਤ ਕਰਨਗੇ। ਇੱਤੇਫਾਕ ਨਾਲ ਸ਼ੁੱਕਰਵਾਰ ਨੂੰ ਹੀ ਪਾਪੂਆ ਨਿਊ ਗਿਨੀ ਦਾ 47ਵਾਂ ਸੁਤੰਤਰਤਾ ਦਿਵਸ ਹੈ।