ਅਮਰੀਕਾ 'ਚ ਬੋਲੇ ਭਾਰਤੀ ਰਾਜਦੂਤ ਤਰਨਜੀਤ ਸੰਧੂ, ਖਾਲਸਾ 'ਇਕਜੁੱਟ ਕਰਨ ਵਾਲੀ ਤਾਕਤ, ਵੰਡਣ ਵਾਲੀ ਨਹੀਂ'
Monday, Apr 10, 2023 - 09:17 AM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਖ਼ਾਲਸਾ ‘ਇਕਜੁੱਟ ਕਰਨ ਵਾਲੀ ਤਾਕਤ ਹੈ, ਨਾ ਕਿ ਵੰਡਣ ਵਾਲੀ।’ ਇਹ ਟਿਪਣੀ ਉਨ੍ਹਾਂ ਨੇ ਖਾਲਿਸਤਾਨ ਸਮਰਥਕਾਂ ਦੇ ਇਕ ਛੋਟੇ ਗਰੁੱਪ ਵੱਲੋਂ ਭਾਰਤੀ ਮਿਸ਼ਨ ’ਤੇ ਹਿੰਸਕ ਪ੍ਰਦਰਸ਼ਨਾਂ ਤੋਂ ਕੁਝ ਦਿਨ ਬਾਅਦ ਕੀਤੀ ਹੈ। ਖੁਦ ਇਕ ਪ੍ਰਮੁੱਖ ਸਿੱਖ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸੰਧੂ ਨੇ ਇਹ ਟਿਪਣੀ ਸ਼ਨੀਵਾਰ ਨੂੰ ਉਕ ਸਮਾਗਮ ਦੌਰਾਨ ਕੀਤੀ, ਜਿਸ ਵਿਚ ਉਨ੍ਹਾਂ ਨੂੰ ਹੋਰ ਪ੍ਰਮੁੱਖ ਅਮਰੀਕੀ ਸਿੱਖਾਂ ਦੇ ਨਾਲ ‘ਸਿੱਖ ਹੀਰੋ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਖਾਲਸੇ ਦਾ ਸਾਜਨਾ ਦਿਵਸ ਮਨਾਉਣ ਲਈ ਜਥਾ ਰਵਾਨਾ
ਆਪਣੇ ਸੰਬੋਧਨ ਵਿਚ ਸੰਧੂ ਨੇ ਕਿਹਾ, ‘ਖਾਲਸੇ ਦੀ ਸਥਾਪਨਾ ਵਿਸਾਖੀ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਕਜੁੱਟ ਕਰਨ ਲਈ ਕੀਤੀ ਸੀ, ਨਾ ਕਿ ਵੰਡਣ ਲਈ।’ ਇਸ ਸਮਾਗਮ ਵਿਚ ਅਮਰੀਕਾ ਭਰ ਦੇ ਕਈ ਪ੍ਰਮੁੱਖ ਸਿੱਖਾਂ ਨੇ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਖਾਲਸਾ ਪੰਥ ਦੀ ਸਥਾਪਨਾ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਕੀਤੀ ਸੀ। ਅਮਰੀਕਾ ਵਿੱਚ ਭਾਰਤੀ ਰਾਜਦੂਤ ਨੇ ਕਿਹਾ ਕਿ ਸਿੱਖ ਧਰਮ ਅਤੇ ਇਤਿਹਾਸ ਦੇ ਮੂਲ ਸਿਧਾਂਤ ਸਰਬ-ਸਾਂਝੀਵਾਲਤਾ, ਏਕਤਾ, ਬਰਾਬਰੀ, ਇਮਾਨਦਾਰੀ ਨਾਲ ਰਹਿਣਾ, ਸੇਵਾ, ਸਿਮਰਨ, ਮਨ ਦੀ ਸ਼ਾਂਤੀ ਅਤੇ ਲੋਕਾਂ ਪ੍ਰਤੀ ਸਦਭਾਵਨਾ ਹੈ। ਉਨ੍ਹਾਂ ਕਿਹਾ ਕਿ ਖ਼ਾਲਸਾਈ ਝੰਡਾ ਏਕਤਾ, ਸ਼ਾਂਤੀ ਅਤੇ ਸਰਬ-ਸਾਂਝੀਵਾਲਤਾ ਦਾ ਪ੍ਰਤੀਕ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਪ੍ਰਭਜੋਤ ਸਿੰਘ ਨੇ ਚਮਕਾਇਆ ਭਾਰਤ ਦਾ ਨਾਂ, ਨਾਮੀ ਏਅਰਲਾਈਨ ਵਿਜ਼ ਦਾ ਬਣਿਆ ਕੈਪਟਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।